ਸਰਕਾਰੀ ਸਕੂਲ ਨੂਰਪੁਰ ਸੇਠਾਂ ਵਿਖੇ ‘ਮਿਸ਼ਨ ਲਾਈਫ’ ਤਹਿਤ ਵਾਤਾਵਰਨ ਸੰਭਾਲ ਵਰਕਸ਼ਾਪ ਲਗਾਈ
ਸਰਕਾਰੀ ਸਕੂਲ ਨੂਰਪੁਰ ਸੇਠਾਂ ਵਿਖੇ ‘ਮਿਸ਼ਨ ਲਾਈਫ’ ਤਹਿਤ ਵਾਤਾਵਰਨ ਸੰਭਾਲ ਵਰਕਸ਼ਾਪ ਦਾ ਆਯੋਜਨ
Publish Date: Wed, 18 Feb 2026 03:50 PM (IST)
Updated Date: Wed, 18 Feb 2026 03:51 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੂਰਪੁਰ ਸੇਠਾਂ ਵਿਖੇ ‘ਇਨਵਾਇਰਮੈਂਟਲ ਐਜੂਕੇਸ਼ਨ ਪ੍ਰੋਗਰਾਮ’ ਤੇ ‘ਮਿਸ਼ਨ ਲਾਈਫ’ ਦੇ ਅੰਤਰਗਤ ਇਕ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਰਵਿੰਦਰ ਸਿੰਘ ਧਵਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਧ ਰਿਹਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਘਰਾਂ ਵਿਚ ਪਏ ਪੁਰਾਣੇ ਜਾਂ ਵਾਧੂ ਕੱਪੜਿਆਂ ਨੂੰ ਕੂੜੇ ਵਿਚ ਸੁੱਟਣ ਦੀ ਬਜਾਏ ਉਨ੍ਹਾਂ ਨੂੰ ਮੁੜ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਘਰਾਂ ਦੇ ਕੂੜੇ ਨੂੰ ਵੀ ਘਟਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐੱਮਐੱਸ.ਸੀ. (ਫੈਸ਼ਨ) ਦੇ ਵਿਸ਼ੇਸ਼ ਰਿਸੋਰਸ ਪਰਸਨ ਨੇ ਬੱਚਿਆਂ ਨੂੰ ਪੁਰਾਣੇ ਕੱਪੜਿਆਂ ਤੋਂ ਕੈਰੀ ਬੈਗ, ਥੈਲੇ ਅਤੇ ਘਰ ਦੀ ਸਜਾਵਟ ਲਈ ਵੱਖ-ਵੱਖ ਚੀਜ਼ਾਂ ਬਣਾਉਣ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਇਹ ਸਮਝਾਇਆ ਗਿਆ ਕਿ ਉਹ ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ’ਤੇ ਸਮਾਂ ਬਰਬਾਦ ਕਰਨ ਦੀ ਬਜਾਏ ਆਪਣੇ ਵਿਹਲੇ ਸਮੇਂ ਨੂੰ ਅਜਿਹੇ ਰਚਨਾਤਮਕ ਕੰਮਾਂ ਵਿਚ ਲਗਾਉਣ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਇਸ ਗਤੀਵਿਧੀ ਵਿਚ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ, ਜਿਨ੍ਹਾਂ ਨੇ ਵਾਤਾਵਰਨ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਰੱਖਣ ਦਾ ਪ੍ਰਣ ਲਿਆ।