- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਫੁੱਟਿਆ ਮੁਲਾਜ਼ਮਾਂ ਦਾ ਗੁੱਸਾ

-ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਫੁੱਟਿਆ ਮੁਲਾਜ਼ਮਾਂ ਦਾ ਗੁੱਸਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟਰੈਕਟ ਅਧੀਨ ਲਿਆਉਣ ਦੇ ਦਾਅਵਿਆਂ ਦਰਮਿਆਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਲਰਕ ਕਾਡਰ ਨੂੰ ਇਸ ਪ੍ਰਕਿਰਿਆ ਤੋਂ ਬਾਹਰ ਰੱਖਣ ਦੇ ਫ਼ੈਸਲੇ ਨੇ ਮੁਲਾਜ਼ਮਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਜਲ ਸਪਲਾਈ ਅਤੇ ਕੰਟਰੈਕਟ ਵਰਕਰਜ਼ ਯੂਨੀਅਨ ਸਮੇਤ ਭਾਈਚਾਰਕ ਜਥੇਬੰਦੀਆਂ ਵੱਲੋਂ ਵਿਭਾਗ ਦੇ ਹਲਕਾ ਦਫ਼ਤਰ ਫਿਰੋਜ਼ਪੁਰ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਸਬੰਧਤ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ।
ਯੂਨੀਅਨ ਆਗੂਆਂ ਰੁਪਿੰਦਰ ਕੁਮਾਰ, ਤਜਿੰਦਰ ਸਿੰਘ, ਸਾਹਿਲ, ਸੁਖਜਿੰਦਰ ਸਿੰਘ ਅਤੇ ਰਮਨਦੀਪ ਨੇ ਦੱਸਿਆ ਕਿ ਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ 23 ਨਵੰਬਰ 2026 ਨੂੰ ਜਾਰੀ ਤੇ 24 ਨਵੰਬਰ ਨੂੰ ਭੇਜੇ ਗਏ ਪੱਤਰ ਨੰਬਰ 11/24/26-4ਪੀ.ਪੀ.3/612 ਰਾਹੀਂ ‘ਦੀ ਪੰਜਾਬ ਸਟੇਟ ਆਉਟਸੋਰਸਡ ਪਰਸੋਨਲ (ਟਰਾਂਸਿਜ਼ਸ਼ਨ ਟੂ ਕੰਟੈਕਚੂਐਲ ਇਨਗੇਜ਼ਮੈਟ) ਐਕਟ, 2026' ਦੀ ਧਾਰਾ 6(3) ਤਹਿਤ ਵਿਭਾਗ ਦੇ ਕਲਰਕ ਕਾਡਰ ਨੂੰ ਕੰਟਰੈਕਟ ਅਧੀਨ ਲਿਆਉਣ ਤੋਂ ਅਸਮਰੱਥਾ ਪ੍ਰਗਟਾਈ ਗਈ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਇੱਕ ਪਾਸੇ ਸਰਕਾਰ ਆਊਟਸੋਰਸਿੰਗ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਕਰਨ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਨਵੇਂ ਕਾਨੂੰਨ ਦੇ ਲਾਭ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੱਤਰ ਤੁਰੰਤ ਵਾਪਸ ਲੈ ਕੇ ਕਲਰਕਾਂ ਸਮੇਤ ਹੋਰ ਯੋਗ ਕਾਮਿਆਂ ਨੂੰ ਕੰਟਰੈਕਟ ਅਧੀਨ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਮੰਗ ਨਾ ਮੰਨੇ ਜਾਣ ’ਤੇ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਵਿਭਾਗ ਦੀ ਹੋਵੇਗੀ।