ਬਿਜਲੀ ਮੁਲਾਜ਼ਮਾਂ ਵੱਲੋਂ ਚੌਥੇ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਫ਼ਿਰੋਜ਼ਪੁਰ ’ਚ ਜ਼ਬਰਦਸਤ ਰੋਸ ਧਰਨਾ ਬਿਜਲੀ ਮੁਲਾਜ਼ਮਾਂ ਵੱਲੋਂ ਚੌਥੇ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਫ਼ਿਰੋਜ਼ਪੁਰ ’ਚ ਜ਼ਬਰਦਸਤ ਰੋਸ ਧਰਨਾ
Publish Date: Fri, 24 Jul 2026 06:11 PM (IST)
Updated Date: Fri, 24 Jul 2026 06:13 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਮੈਨੇਜਮੈਂਟ ਦੇ ਅੜੀਅਲ ਰਵੱਈਏ ਤੋਂ ਅੱਕੇ ਬਿਜਲੀ ਕਰਮਚਾਰੀਆਂ ਦਾ ਗੁੱਸਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਏਕਤਾ ਮੰਚ ਪੰਜਾਬ ਅਤੇ ਜੁਆਇੰਟ ਫੋਰਮ ਪੰਜਾਬ ਦੇ ਸਾਂਝੇ ਸੱਦੇ ’ਤੇ ਫ਼ਿਰੋਜ਼ਪੁਰ ਸਰਕਲ ਦੇ ਬਿਜਲੀ ਕਰਮਚਾਰੀਆਂ ਨੇ ਲਗਾਤਾਰ ਚੌਥੇ ਦਿਨ ਸਮੂਹਿਕ ਛੁੱਟੀ ’ਤੇ ਰਹਿ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਅਤੇ ਐੱਮਯੂਓ ਵੱਲੋਂ ਸਿਟੀ ਡਿਵੀਜ਼ਨ ਅਤੇ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ਵਿਖੇ ਇਕ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਦੀ ਪ੍ਰਧਾਨਗੀ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ਦੇ ਸਕੱਤਰ ਸਤੀਸ਼ ਕੁਮਾਰ ਵੱਲੋਂ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ ਕੀਤੀ। ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਵੱਲ ਪੂਰੀ ਤਰ੍ਹਾਂ ਪਿੱਠ ਕਰ ਰੱਖੀ ਹੈ। ਉਨ੍ਹਾਂ ਮੰਗ ਕੀਤੀ ਕਿ 17 ਜੁਲਾਈ 2020 ਵਾਲਾ ਤਾਨਾਸ਼ਾਹੀ ਪੱਤਰ ਤੁਰੰਤ ਰੱਦ ਕੀਤਾ ਜਾਵੇ ਅਤੇ ਮੁਲਾਜ਼ਮਾਂ ਨੂੰ ਛੇਵਾਂ ਪੇ-ਸਕੇਲ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਸੀ.ਆਰ.ਏ. 249/04, 267/11 ਅਤੇ 281/13 ਤਹਿਤ ਭਰਤੀ ਹੋਏ ਸਮੂਹ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ, ਕਰਮਚਾਰੀਆਂ ਦਾ ਬਕਾਇਆ ਪਿਆ 18 ਪ੍ਰਤੀਸ਼ਤ ਮਹਿਂਗਾਈ ਭੱਤਾਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਅਦਾਰਿਆਂ ਵਿੱਚ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਦਫ਼ਤਰਾਂ ਵਿਚ ਖ਼ਾਲੀ ਪਈਆਂ ਕਲੈਰੀਕਲ ਅਸਾਮੀਆਂ ’ਤੇ ਨਵੀਂ ਭਰਤੀ ਕੀਤੀ ਜਾਵੇ। ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਚਿਰ ਸੰਘਰਸ਼ ਦਾ ਬਿਗੁਲ ਵੱਜਦਾ ਰਹੇਗਾ। ਇਸ ਮੌਕੇ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਦੇ ਸਬ-ਅਰਬਨ ਮੰਡਲ ਪ੍ਰਧਾਨ ਅਸ਼ਵਨੀ ਕੁਮਾਰ ਨੇ ਆਖਿਆ ਕਿ ਜੇਕਰ ਸਰਕਾਰ ਨੇ ਜਲਦ ਕੋਈ ਸਾਰਥਕ ਕਦਮ ਨਾ ਚੁੱਕੇ, ਤਾਂ ਸਮੂਹਿਕ ਛੁੱਟੀ ਦੇ ਸਮੇਂ ਨੂੰ ਹੋਰ ਵਧਾ ਕੇ ਅੰਦੋਲਨ ਨੂੰ ਵਿਆਪਕ ਰੂਪ ਦਿੱਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਧਰਨੇ ਦੌਰਾਨ ਹੋਰਨਾਂ ਤੋਂ ਇਲਾਵਾ ਐੱਮ.ਯੂ.ਓ. ਪੰਜਾਬ ਦੇ ਸੈਕਟਰੀ ਹਤੇਸ਼ ਕੁਮਾਰ, ਸਾਬਕਾ ਆਗੂ ਸਤੀਸ਼ ਕੁਮਾਰ, ਰੋਸ਼ਨ ਲਾਲ, ਤਿਰਲੋਚਨ ਸਿੰਘ, ਸੁਖਦੇਵ ਸਿੰਘ, ਰਾਮ ਸੁੱਖ, ਬਲਵੰਤ ਸਿੰਘ, ਅਨਮੋਲ ਸਿੰਘ, ਕਰਮਜੀਤ ਸਿੰਘ, ਰਾਕੇਸ਼ ਕੁਮਾਰ ਅਤੇ ਰਣਬੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।