ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਗੇਟ ਰੈਲੀ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਗੇਟ ਰੈਲੀ
Publish Date: Thu, 30 Jul 2026 05:56 PM (IST)
Updated Date: Thu, 30 Jul 2026 05:58 PM (IST)
- ਮੰਗਾਂ ਨਾ ਮੰਨਣ ’ਤੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਬਿਜਲੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ’ਤੇ ਸਿਟੀ ਅਤੇ ਸਬ ਅਰਬਨ ਡਵੀਜ਼ਨ ਵੱਲੋਂ ਸਿਟੀ ਡਵੀਜ਼ਨ ਦੇ ਦਫ਼ਤਰ ਅੱਗੇ ਸਾਂਝੇ ਤੌਰ ’ਤੇ ਭਰਵੀਂ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਪ੍ਰਬੰਧਕਾਂ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਰਦਾਫ਼ਾਸ਼ ਕਰਦਿਆਂ ਕਰਮਚਾਰੀਆਂ ਨੂੰ ਚੱਲ ਰਹੇ ਸੰਘਰਸ਼ ਬਾਰੇ ਜਾਗਰੂਕ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਤਿੱਖੇ ਐਕਸ਼ਨ ਦੀ ਰਣਨੀਤੀ ਸਾਂਝੀ ਕੀਤੀ। ਇਸ ਗੇਟ ਰੈਲੀ ਦੀ ਪ੍ਰਧਾਨਗੀ ਸਬ ਅਰਬਨ ਡਵੀਜ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਕੀਤੀ। ਰੈਲੀ ਦੌਰਾਨ ਇਕੱਤਰ ਹੋਏ ਬਿਜਲੀ ਕਾਮਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਪਾਵਰਕਾਮ ਮੈਨੇਜਮੈਂਟ ਅਤੇ ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ, ਜਿਸ ਕਾਰਨ ਕਾਮਿਆਂ ਵਿਚ ਭਾਰੀ ਰੋਸ ਹੈ। ਮੁਲਾਜ਼ਮ ਆਗੂਆਂ ਨੇ ਆਪਣੀਆਂ ਮੁੱਖ ਮੰਗਾਂ ਜਿਵੇਂ ਕਿ 18 ਫ਼ੀਸਦੀ ਡੀਏ ਦਾ ਰਹਿੰਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ, ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਮੁੜ ਲਾਗੂ ਕੀਤੀ ਜਾਵੇ ਅਤੇ ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਲਾਭ ਦਿੱਤੇ ਜਾਣ, 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਨੋਟੀਫ਼ਿਕੇਸ਼ਨ ਨੂੰ ਬਿਨਾਂ ਕਿਸੇ ਦੇਰੀ ਦੇ ਰੱਦ ਕੀਤਾ ਜਾਵੇ। ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਕੰਟਰੈਕਟ, ਪਾਰਟ-ਟਾਈਮ ਅਤੇ ਸੀਐੱਚਬੀ ਪ੍ਰਣਾਲੀ ਅਧੀਨ ਕੰਮ ਕਰਦੇ ਕੱਚੇ ਕਾਮਿਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਦੇ ਨਾਲ ਹੀ 249/04, 267/11 ਅਤੇ 281/13 ਦੇ ਘੇਰੇ ਵਿਚ ਆਉਂਦੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕੀਤੀਆਂ ਜਾਣ ਅਤੇ ਉਨ੍ਹਾਂ ਦਾ ਪਿਛਲਾ ਸੇਵਾ ਕਾਲ ਗਿਣਿਆ ਜਾਵੇ, ਫ਼ੀਲਡ ਵਿਚ ਆਪਣੀ ਜਾਨ ਤਲੀ ’ਤੇ ਧਰ ਕੇ ਕੰਮ ਕਰਨ ਵਾਲੇ ਸਹਾਇਕ ਲਾਈਨਮੈਨਾਂ ਅਤੇ ਲਾਈਨਮੈਨਾਂ ਨੂੰ ਖ਼ਤਰਨਾਕ ਕੰਮ ਦਾ ਰਿਸਕ ਭੱਤਾ ਅਤੇ ਪੈਟਰੋਲ ਭੱਤਾ ਦਿੱਤਾ ਜਾਵੇ, ਡਿਊਟੀ ਦੌਰਾਨ ਸ਼ਹੀਦ ਜਾਂ ਅਕਾਲ ਚਲਾਣਾ ਕਰ ਜਾਣ ਵਾਲੇ ਕਰਮਚਾਰੀਆਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ’ਤੇ ਤਰਸ ਦੇ ਆਧਾਰ ’ਤੇ ਸਰਕਾਰੀ ਨੌਕਰੀ ਅਤੇ ਬਣਦੇ ਵਿੱਤੀ ਲਾਭ ਦਿੱਤੇ ਜਾਣ। ਇਕੱਠ ਨੂੰ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਰਮਨਦੀਪ ਸਿੰਘ ਲਹੌਰੀਆ, ਕੁਲਵੰਤ ਸਿੰਘ, ਗੁਰਜੰਟ ਸਿੰਘ, ਰਵੀ ਸ਼ਰਮਾ, ਤਰਸੇਮ ਸਿੰਘ, ਕਰਨ ਕੁਮਾਰ, ਮੁਖਤਿਆਰ ਸਿੰਘ ਅਤੇ ਜੱਜ ਸਿੰਘ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।