ਹਾਈਕੋਰਟ ਦੇ ਆਬਜ਼ਰਵਰ ਦੀ ‘ਜ਼ੇਰੇ ਨਿਗਰਾਨੀ’ ਨਗਰ ਕੌਂਸਲ ਪ੍ਰਧਾਨ ਦੀ ਚੋਣ ਅੱਜ ਹਾਈਕੋਰਟ ਦੇ ਆਬਜ਼ਰਵਰ ਦੀ ‘ਜੇਰੇ ਨਿਗਰਾਨੀ’ ਨਗਰ ਕੌਂਸਲ ਫਿਰੋਜ਼ਪੁਰ ਪ੍ਰਧਾਨ ਦੀ ਚੋਣ ਅੱਜ
Publish Date: Wed, 15 Jul 2026 08:48 PM (IST)
Updated Date: Wed, 15 Jul 2026 08:49 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜਪੁਰ : ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਚੱਲ ਰਿਹਾ ਲੰਬਾ ਇੰਤਜ਼ਾਰ ਹੁਣ ਖਤਮ ਹੋਣ ਜਾ ਰਿਹਾ ਹੈ। ਮਾਣਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਨੇ ਵੀਰਵਾਰ 16 ਜੁਲਾਈ ਨੂੰ ਨਗਰ ਕੌਂਸਲ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ 29 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਕਰੀਬ 47 ਦਿਨਾਂ ਤੋਂ ਇਹ ਕੁਰਸੀ ਖਾਲੀ ਪਈ ਸੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਪ੍ਰਬੰਧ ਐਸ.ਡੀ.ਐਮ. ਰਾਹੀਂ ਚਲਾਇਆ ਜਾ ਰਿਹਾ ਸੀ। ਅਸ਼ੋਕ ਕੁਮਾਰ ਬਨਾਮ ਸਟੇਟ ਆਫ ਪੰਜਾਬ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ 8 ਜੁਲਾਈ ਨੂੰ ਚੋਣਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਬੀਤੇ ਦਿਨੀਂ ਪੰਜਾਬ ਦੀਆਂ ਕਈ ਨਗਰ ਕੌਂਸਲਾਂ ਵਿੱਚ ਹੋਈ ਕਥਿੱਤ ਧਾਂਦਲੀ ਦੇ ਚੱਲਦਿਆਂ ਕਾਂਗਰਸ ਪਾਰਟੀ ਵੱਲੋਂ ਕਿਸੇ ਅਣਹੋਣੀ ਦੇ ਖਦਸ਼ੇ ਕਾਰਣ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। ਹਾਈਕੋਰਟ ਵੱਲੋਂ ਨਾ ਸਿਰਫ ਵੀਡੀੳਗ੍ਰਾਫੀ ਦੇਆਦੇਸ਼ ਦਿੱਤੇ ਗਏ ਹਨ ਸਗੋਂ ਹਾਈਕੋਰਟ ਦੇ ਇਕ ਸੀਨੀਅਰ ਵਕੀਲ ਦੀ ਜ਼ੇਰੇ ਨਿਗਰਾਨੀ ਇਹ ਚੋਣ ਹੋਵੇਗੀ। ਮਾਣਯੋਗ ਹਾਈਕੋਰਟ ਵੱਲੋਂ ਪ੍ਰਧਾਨ ਦੀ ਚੋਣ ਲਈ ਸੀਨੀਅਰ ਐਡਵੋਕੇਟ ਨਿਖਿਲ ਗੋਇਲ ਨੂੰ ਬਤੌਰ ਆਬਜ਼ਰਵਰ ਭੇਜਿਆ ਗਿਆ ਹੈ। ਜਿਕਰਯੋਗ ਹੇ ਕਿ ਫਿਰੋਜ਼ਪੁਰ ਦੇ ਕੁੱਲ 33 ਵਾਰਡਾਂ ਵਿੱਚੋਂ ਬਹੁਮਤ ਦਾ ਅੰਕੜਾ ਸਪੱਸ਼ਟ ਤੌਰ ਤੇ ਕਾਂਗਰਸ ਦੇ ਹੱਕ ਵਿੱਚ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 5 ਸੀਟਾਂ ਮਿਲੀਆਂ ਸਨ, ਜਦਕਿ ਭਾਜਪਾ ਨੇ 7, ਬਸਪਾ ਇਕ ਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਤੇ ਜਿੱਤ ਦਰਜ ਕੀਤੀ ਸੀ। ਬਾਕੀ ਵੱਡੀ ਗਿਣਤੀ ਤੇ ਕਾਂਗਰਸੀ ਉਮੀਦਵਾਰ ਕਾਬਜ਼ ਹਨ। ਹਾਲਾਂਕਿ, ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਦੇ ਆਪਣੇ ਹੀ ਖੇਮੇ ਵਿੱਚੋਂ ਉੱਠ ਰਹੇ ਬਾਗੀ ਸੁਰ ਹਨ। ਕਈ ਸੀਨੀਅਰ ਕੌਂਸਲਰਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਧਾਨਗੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਪਾਰਟੀ ਅੰਦਰ ਦੋਫਾੜ ਹੋਣ ਦਾ ਖਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਚਿੱਠੀ ਅਨੁਸਾਰ ਐਸ.ਡੀ.ਐਮ. ਫਿਰੋਜ਼ਪੁਰ ਨੂੰ ਚੋਣਾਂ ਲਈ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਚੋਣ ਪ੍ਰਕਿਰਿਆ ਵਿੱਚ ਕੁੱਲ 34 ਮੈਂਬਰ (33 ਕੌਂਸਲਰ ਅਤੇ ਸਥਾਨਕ ਵਿਧਾਇਕ) ਹਿੱਸਾ ਲੈਣਗੇ। ਵਿਰੋਧੀਆਂ ਦੀਆਂ ਧੱਕੇਸ਼ਾਹੀਆਂ ਨੂੰ ਹਾਈਕੋਰਟ ਨੇ ਕੀਤਾ ਨਾਕਾਮ : ਸਾਬਕਾ ਵਿਧਾਇਕ ਪਿੰਕੀ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਬੁੱਧਵਾਰ ਬਾਅਦ ਦੁਪਹਿਰ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਵਿਰੋਧੀ ਧਿਰਾਂ ਵੱਲੋਂ ਸੰਭਾਵਿਤ ਧੱਕੇਸ਼ਾਹੀ ਅਤੇ ਲੋਕਤੰਤਰ ਦੇ ਘਾਣ ਨੂੰ ਰੋਕਣ ਲਈ ਉਨ੍ਹਾਂ ਨੇ ਹਾਈਕੋਰਟ ਤੱਕ ਪਹੁੰਚ ਕੀਤੀ ਸੀ। ਅਦਾਲਤ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਇਸ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਸੀਨੀਅਰ ਐਡਵੋਕੇਟ ਨਿਖਿਲ ਗੋਇਲ ਨੂੰ ਬਤੌਰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਹ ਚੋਣ ਪੂਰੀ ਵੀਡੀਓਗ੍ਰਾਫੀ ਦੀ ਦੇਖ-ਰੇਖ ਵਿੱਚ ਹੋਵੇਗੀ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੂਬਾ ਸਰਕਾਰ ਅਤੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਪੂਰਥਲਾ, ਮੋਰਿੰਡਾ ਅਤੇ ਚਮਕੌਰ ਸਾਹਿਬ ਵਿੱਚ ਹੋਈਆਂ ਚੋਣਾਂ ਦੌਰਾਨ ਸੱਤਾਧਾਰੀ ਧਿਰ ਨੇ ਸ਼ਰੇਆਮ ਧੱਕੇਸ਼ਾਹੀ ਕੀਤੀ ਸੀ। ਇਸੇ ਡਰ ਕਾਰਨ ਕਾਂਗਰਸ ਨੇ ਫਿਰੋਜ਼ਪੁਰ ਦੇ ਲੋਕਾਂ ਦੇ ਫਤਵੇ ਦੀ ਰਾਖੀ ਲਈ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜੇ ਆਇਆਂ ਨੂੰ ਡੇਢ ਮਹੀਨਾ ਬੀਤ ਚੁੱਕਾ ਹੈ, ਪਰ ਬਹੁਮਤ ਨਾ ਹੋਣ ਕਾਰਨ ਵਿਰੋਧੀ ਧਿਰ ਚੋਣਾਂ ਕਰਵਾਉਣ ਤੋਂ ਭੱਜ ਰਹੀ ਸੀ। ਹੁਣ ਅਦਾਲਤ ਦੇ ਹੁਕਮਾਂ ਮਗਰੋਂ ਚੋਣ ਵਾਲੀ ਥਾਂ ਤੇ ਚਿੜੀ ਵੀ ਨਹੀਂ ਫੜਕ ਸਕੇਗੀ ਅਤੇ ਕੌਂਸਲਰ ਬਿਨਾਂ ਕਿਸੇ ਡਰ ਦੇ ਆਪਣੀ ਵੋਟ ਪਾਉਣਗੇ।