ਜ਼ੀਰਾ ’ਚ ਈਡੀ ਦੀ ਵੱਡੀ ਦਸਤਕ, ਮੁਅੱਤਲ ਪਟਵਾਰੀ ਦੀ ਰਿਹਾਇਸ਼ 'ਤੇ ਸਵੇਰੇ ਛੇ ਵਜੇ ਛਾਪੇਮਾਰੀ ਜੀਰਾ ’ਚ ਈਡੀ ਦੀ ਵੱਡੀ ਦਸਤਕ, ਮੁਅੱਤਲ ਪਟਵਾਰੀ ਨਵਦੀਪ ਸਿੰਘ ਦੀ ਰਿਹਾਇਸ਼ 'ਤੇ ਸਵੇਰੇ ਛੇ ਵਜੇ ਛਾਪੇਮਾਰੀ
Publish Date: Thu, 05 Nov 2026 07:06 PM (IST)
Updated Date: Fri, 06 Nov 2026 04:05 AM (IST)
ਫੋਟੋ ਫਾਈਲ: 05 ਐੱਫਜੈੱਡਆਰ 02, 03 * ਸੀਆਰਪੀਐੱਫ ਦੇ ਸੁਰੱਖਿਆ ਦਸਤੇ ਨਾਲ ਪੁੱਜੀ ਈਡੀ ਦੀ ਟੀਮ * ਕਰੋੜਾਂ ਦੀ ਕਥਿਤ ਧੋਖਾਧੜੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਜਾਂਚ ਤੇਜ਼ ਹੋਣ ਦੀ ਚਰਚਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਸ਼ਹਿਰ ’ਚ ਉਸ ਸਮੇਂ ਹਲਚਲ ਮਚ ਗਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਸਵੇਰੇ ਤੜਕਸਾਰ ਮੁਅੱਤਲ ਪਟਵਾਰੀ ਨਵਦੀਪ ਸਿੰਘ ਦੀ ਫਿਰੋਜ਼ਪੁਰ-ਜ਼ੀਰਾ ਰੋਡ ਸਥਿਤ ਰਿਹਾਇਸ਼ ਤੇ ਛਾਪੇਮਾਰੀ ਕੀਤੀ। ਸਵੇਰੇ ਕਰੀਬ 6-7 ਵਜੇ ਦੇ ਦਰਮਿਆਨ ਤਿੰਨ ਦੇ ਕਰੀਬ ਇਨੋਵਾ ਗੱਡੀਆਂ ’ਚ ਸੀਆਰਪੀਐੱਫ ਦੇ ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ’ਚ ਪੁੱਜੀ ਈਡੀ ਟੀਮ ਦੀ ਕਾਰਵਾਈ ਨਾਲ ਇਲਾਕੇ ’ਚ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ। ਜਾਣਕਾਰੀ ਅਨੁਸਾਰ ਨਵਦੀਪ ਸਿੰਘ ਜਦੋਂ ਜ਼ਿਲ੍ਹਾ ਮੋਗਾ ਦੇ ਧਰਮਕੋਟ ਵਿਖੇ ਤਾਇਨਾਤ ਸੀ, ਉਸ ਸਮੇਂ ਉਸ ਨਾਲ ਸਬੰਧਤ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ 16 ਜੂਨ 2024 ਨੂੰ ਥਾਣਾ ਧਰਮਕੋਟ ਵਿਖੇ ਐੱਫਆਈਆਰ ਦਰਜ ਕੀਤੀ ਗਈ ਸੀ। ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ’ਚ ਧਾਰਾ 420, 465, 467, 471 ਅਤੇ 120-ਬੀ ਆਈਪੀਸੀ ਤਹਿਤ ਦੋਸ਼ ਸ਼ਾਮਲ ਹਨ। ਮਾਮਲੇ ਦਾ ਇਕ ਹੋਰ ਅਹਿਮ ਪੱਖ ਇਹ ਵੀ ਹੈ ਕਿ ਨਵਦੀਪ ਸਿੰਘ ਨੂੰ 7 ਜੁਲਾਈ 2026 ਨੂੰ ਫਰੀਦਕੋਟ ਜੇਲ੍ਹ ’ਚੋਂ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਸੀ। ਹੁਣ ਜ਼ੀਰਾ ਵਿਖੇ ਉਸ ਦੀ ਰਿਹਾਇਸ਼ ਤੇ ਈਡੀ ਦੀ ਕਾਰਵਾਈ ਨੇ ਪੁਰਾਣੇ ਮਾਮਲੇ ਨੂੰ ਮੁੜ ਚਰਚਾ ’ਚ ਲਿਆ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਬੀਤੇ ਦਿਨੀਂ ਮੋਗਾ ਦੇ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਘਰ ਪਈ ਈਡੀ ਦੀ ਰੇਡ ਤੇ ਇਸ ਛਾਪੇਮਾਰੀ ਨੂੰ ਧਰਮਕੋਟ ਵਿਖੇ ਦਰਜ ਹੋਏ ਕਥਿਤ ਧੋਖਾਧੜੀ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਈਡੀ ਦੀ ਕਾਰਵਾਈ ਦੇ ਅਸਲ ਕਾਰਨਾਂ, ਜਾਂਚ ਦੇ ਦਾਇਰੇ ਤੇ ਛਾਪੇਮਾਰੀ ਦੌਰਾਨ ਮਿਲੇ ਵੇਰਵਿਆਂ ਬਾਰੇ ਅਧਿਕਾਰਤ ਪੁਸ਼ਟੀ ਸਾਹਮਣੇ ਆਉਣੀ ਅਜੇ ਬਾਕੀ ਹੈ। ਫਿਲਹਾਲ ਈਡੀ ਦੀ ਇਸ ਕਾਰਵਾਈ ਨੇ ਜੀਰਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਾਫ਼ੀ ਚਰਚਾ ਛੇੜ ਦਿੱਤੀ ਹੈ।