ਫ਼ਿਰੋਜ਼ਪੁਰ ਜ਼ਿਲ੍ਹੇ ’ਚ 11 ਥਾਵਾਂ ’ਤੇ ਮਨਾਇਆ ਦੁਸਹਿਰਾ ਦਾ ਤਿਉਹਾਰ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵੱਖ-ਵੱਖ 11 ਥਾਵਾਂ ’ਤੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ ਦਾ ਤਿਉਹਾਰ
Publish Date: Tue, 20 Oct 2026 06:37 PM (IST)
Updated Date: Tue, 20 Oct 2026 06:39 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਨੇਕੀ ਦੀ ਬਦੀ ’ਤੇ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਫ਼ਿਰੋਜ਼ਪੁਰ ਵਿੱਚ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜ਼ਿਲ੍ਹੇ ਵਿੱਚ ਕੁੱਲ 11 ਥਾਵਾਂ ’ਤੇ ਦੁਸਹਿਰੇ ਦੇ ਸਮਾਗਮ ਕਰਵਾਏ ਗਏ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕ ਕੇ ਬੁਰਾਈ ’ਤੇ ਸੱਚਾਈ ਦੀ ਜਿੱਤ ਦਾ ਸੰਦੇਸ਼ ਦਿੱਤਾ ਗਿਆ। ਫ਼ਿਰੋਜ਼ਪੁਰ ਸ਼ਹਿਰ, ਫ਼ਿਰੋਜ਼ਪੁਰ ਛਾਉਣੀ, ਜ਼ੀਰਾ, ਮੱਖੂ, ਤਲਵੰਡੀ ਭਾਈ, ਮੁੱਦਕੀ, ਮੱਲਾਂਵਾਲਾ ਅਤੇ ਗੁਰੂਹਰਸਹਾਏ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਦੁਸਹਿਰੇ ਦੇ ਸਮਾਗਮ ਕਰਵਾਏ ਗਏ। ਵੱਖ-ਵੱਖ ਰਾਮਲੀਲਾ ਅਤੇ ਦੁਸਹਿਰਾ ਕਮੇਟੀਆਂ ਵੱਲੋਂ ਸਮਾਗਮਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਫ਼ਿਰੋਜ਼ਪੁਰ ਛਾਉਣੀ ਦੇ ਰਾਮਲੀਲਾ ਮੈਦਾਨ ਵਿੱਚ ਸਨਾਤਨ ਧਰਮ ਸਭਾ ਵੱਲੋਂ ਦੁਸਹਿਰਾ ਮਨਾਇਆ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ ਛਾਉਣੀ ਦੀ ਘੁਮਾਰ ਮੰਡੀ ਵਿੱਚ ਸ਼ਿਵ ਸ਼ੰਕਰ ਰਾਮਲੀਲਾ ਕਮੇਟੀ ਅਤੇ ਸ਼ਹਿਰ ਦੀ ਆਈਟੀਆਈ ਮੈਦਾਨ ਵਿੱਚ ਮਹਾਵੀਰ ਦੁਸਹਿਰਾ ਕਮੇਟੀ ਤੇ ਸਿਆ ਰਾਮ ਦੁਸਹਿਰਾ ਕਮੇਟੀ ਸਮੇਤ ਵੱਖ-ਵੱਖ ਕਮੇਟੀਆਂ ਵੱਲੋਂ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਰਾਵਣ ਦੇ ਪੁਤਲੇ ਸਾੜਨ ਸਮੇਂ ਲੋਕਾਂ ਵਿੱਚ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਵਾਰ ਫਿਰੋਜ਼ਪੁਰ ਸ਼ਹਿਰ ਦੀ ਸੱਭ ਤੋਂ ਪੁਰਾਣੀ ਦਸ਼ਹਿਰਾ ਗ੍ਰਾਉਂਡ ਸ਼ੇਖਾਂ ਵਾਲੀ ਬਸਤੀ ਵਿਖੇ ਵੀ ਦਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਿਸੇ ਵੇਲੇ ਇਥੇ ਸ਼ਹਿਰ ਦੀ ਛੁਰਾ ਪਾਰਟੀ ਸਮੇਤ ਇਕ ਹੋਰ ਪਾਰਟੀ ਵੱਲੋਂ ਦੁਸਹਿਰਾ ਮਨਾਇਆ ਜਾਂਦਾ ਸੀ । ਇਸ ਮੋਕੇ ਆਏ ਹੋਏ ਮੁੱਖ ਮਹਿਮਾਨਾਂ ਨੇ ਲੋਕਾਂ ਨੂੰ ਬੁਰਾਈਆਂ ਦਾ ਤਿਆਗ ਕਰਕੇ ਸੱਚਾਈ, ਨੇਕੀ ਅਤੇ ਸਦਭਾਵਨਾ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸਮਾਗਮਾਂ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ, ਤਾਂ ਜੋ ਤਿਉਹਾਰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਸਕੇ। ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਫ਼ਿਰੋਜ਼ਪੁਰ ਛਾਉਣੀ ਦੇ ਦੁਸਹਿਰਾ ਸਮਾਗਮ ਵਿੱਚ ਵਿਧਾਇਕ ਰਣਬੀਰ ਸਿੰਘ ਭੁੱਲਰ, ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਪਿੰਕੀ, ਰਜਨੀਸ਼ ਦਹੀਆ ਸਮੇਤ ਕਈ ਆਗੂਆਂ ਨੇ ਹਾਜ਼ਰੀ ਭਰੀ। ਉੱਥੇ ਹੀ ਆਈਟੀਆਈ ਮੈਦਾਨ ਵਿੱਚ ਸਾਬਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਉਦਯੋਗਪਤੀ ਸਮੀਰ ਮਿੱਤਲ ਅਤੇ ਉਦਯੋਗਪਤੀ ਵਰਿੰਦਰ ਸਿੰਗਲਾ ਅਤੇ ਗਗਨ ਸਿੰਘਲਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।