- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਾਰ ਹੜ੍ਹਾਂ ਦੌਰਾਨ 'ਬਚਾਅ ਤੋਂ ਸੇਵਾ’ ਤੱਕ ਨਜ਼ਰ ਆ ਸੱਕਦੀ ਹੈ ਭਾਰਤੀ ਫੌਜ

- ਪਹਿਲੀ ਵਾਰ , ਹੜ੍ਹਾਂ ਤੋਂ ਪਹਿਲਾਂ ਮੈਦਾਨ ’ਚ ਉਤਰੀ ਫੌਜ ਨੇ ਵਧਾਈ ਚਿੰਤਾ!
- ਹੜ੍ਹਾਂ ਤੋਂ ਇਲਾਵਾ ਹੋਰ ਹੰਗਾਮੀ ਸਥਿਤੀਆਂ ਦੌਰਾਨ ਬਚਾਅ ਕਾਰਜਾਂ ਦਾ ਕੀਤਾ ਅਭਿਆਸ : ਮੇਜਰ ਰੋਬਿਨ ਸਿੰਘ
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮੌਨਸੂਨ ਦੀ ਦਸਤਕ ਦੇ ਨਾਲ ਹੀ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਇਸ ਵਾਰ ਕੁਝ ਅਜਿਹਾ ਵੇਖਣ ਨੂੰ ਮਿਲਿਆ, ਜਿਸ ਨੇ ਨਾ ਸਿਰਫ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਸਗੋਂ ਕੁੱਝ ਸਮਾਂ ਪਹਿਲੋਂ ਮੀਡੀਆ ਵਿੱਚ ਭਾਖੜਾ ਡੈਮ ਨੂੰ ਖਤਰੇ ਸਬੰਧੀ ਅਟਕਲਾਂ ਤੋਂ ਬਾਅਦ ਹੁਣ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਕਰੀਬ ਇਕ ਡੇਢ ਮਹੀਨਾ ਪਹਿਲੋਂ ਭਾਖੜਾ ਡੈਮ ਫੁੱਲ ਹੋਣ ਅਤੇ ਕੰਧਾਂ ਬਾਹਰ ਨੂੰ ਲਿਫਣ ਦੇ ਖਤਰੇ ਸਬੰਧੀ ਮੀਡੀਆ ਵੱਲੋਂ ਜੋਰਾਂ ਸ਼ੋਰਾਂ ਨਾਲ ਚਲਾਈਆਂ ਖ਼ਬਰਾਂ ਤੋਂ ਬਾਅਦ ਬੀਤੇ ਬੁੱਧਵਾਰ ਨੂੰ ਭਾਰਤੀ ਫੌਜ ਵੱਲੋਂ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਹੜ੍ਹਾਂ ਤੋਂ ਬਚਾਅ ਦੀ ਕੀਤੀ ਮੌਕ ਡਰਿੱਲ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਅਜਿਹੇ ਮਾਹੌਲ ਵਿੱਚ ਫੌਜ ਨੂੰ ਪਹਿਲਾਂ ਹੀ ਮੈਦਾਨ ਵਿੱਚ ਉਤਰ ਕੇ ਅਭਿਆਸ ਕਰਦੇ ਵੇਖ ਕਈ ਲੋਕਾਂ ਵਿੱਚ ਸੰਭਾਵੀ ਵੱਡੀ ਆਫ਼ਤ ਦੇ ਖਦਸ਼ਿਆਂ ਨੂੰ ਲੈ ਕੇ ਚਿੰਤਾ ਨਜ਼ਰ ਆ ਰਹੀ ਹੈ। ਹਾਲਾਂਕਿ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਪੂਰੀ ਤਰ੍ਹਾਂ ਇੱਕ ਨਿਯਮਿਤ ਤਿਆਰੀ ਅਭਿਆਸ ਹੈ, ਜਿਸ ਦਾ ਮਕਸਦ ਕਿਸੇ ਵੀ ਹੰਗਾਮੀ ਹਾਲਾਤ ਵਿੱਚ ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਹੈ, ਪਰ ਪਹਿਲੀ ਵਾਰ ਫੌਜ ਦੇ ਵੱਡੇ ਲਾਵ ਲਸ਼ਕਰ ਨਾਲ ਅਜਿਹਾ ਕੁੱਝ ਵੇਖ ਕੇ ਲੋਕ ਦਹਿਸ਼ਤ ਦੇ ਸਾਏ ਵਿੱਚ ਹਨ। ਜ਼ਿਕਰਯੋਗ ਹੈ ਕਿ ਬੀਤੇ ਕਈ ਦਹਾਕਿਆਂ ਵਿੱਚ ਪਹਿਲੀ ਵਾਰ ਭਾਰਤੀ ਫੌਜ ਨੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਸੰਭਾਵੀ ਹੜ੍ਹਾਂ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਵੱਡੇ ਪੱਧਰ ’ਤੇ ਮੌਕ ਡਰਿਲ ਕਰ ਕੇ ਜਿੱਥੇ ਲੋਕਾਂ ਵਿੱਚ ਕਿਸੇ ਸੰਭਾਵੀ ਵੱਡੇ ਖਤਰੇ ਦੇ ਸ਼ੰਕੇ ਹਨ, ਉੱਥੇ ਫੌਜ ਦਾ ਕਹਿਣਾ ਹੈ ਕਿ ਜੇ ਹਾਲਾਤ ਵਿਗੜੇ ਤਾਂ ਇਸ ਵਾਰ ਸਿਰਫ਼ ਪ੍ਰਸ਼ਾਸਨ ਹੀ ਨਹੀਂ, ਸਗੋਂ ਫੌਜ ਵੀ ਬਚਾਅ ਮੋਰਚੇ ’ਤੇ ਸਭ ਤੋਂ ਅੱਗੇ ਨਜ਼ਰ ਆ ਸਕਦੀ ਹੈ। ਪਿੰਡ ਦੁਲਚੀ ਕੇ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਮੀਨ ’ਤੇ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਨੂੰ ਬ੍ਰੀਫਿੰਗ ਕਰਨ ਤੋਂ ਮਗਰੋਂ ਬਾਕੀ ਸਿਵਲ ‘ਅਮਲਾ ਤਮਲਾ’ ਵਾਪਸ ਭੇਜ ਕੇ ਭਾਰਤੀ ਫੌਜ, ਐੱਸਡੀਆਰਐੱਫ ਅਤੇ ਪੰਜਾਬ ਹੋਮ ਗਾਰਡਜ਼ ਦਰਿਆ ਸਤਲੁਜ ਦੇ ਕੰਢੇ ਪਹੁੰਚੇ ਜਿੱਥੇ ਫੌਜ ਦੀਆਂ ਵੱਡੀਆਂ ਬੋਟਾਂ ਅਤੇ ਪਾਣੀ ਵਿੱਚ ਚੱਲਣ ਵਾਲੇ ਟੈਂਕ ਤੱਕ ਦੇ ਜਰੀਏ ਰਿਹਰਸਲ ਕੀਤੀ ਗਈ। ਇਸ ਤੋਂ ਪਹਿਲੋਂ ਸਕੂਲ ਵਿਚ ਕੀਤੀ ਬ੍ਰੀਫਿੰਗ ਦੌਰਾਨ ਭਾਰਤੀ ਫੌਜ, ਐੱਸਡੀਆਰਐੱਫ ਦੇ ਨਾਲ ਜ਼ਿਲ੍ਹੇ ਦੇ ਰੈੱਡ ਕਰਾਸ, ਪੰਜਾਬ ਹੋਮਗਾਰਡਜ ਅਤੇ ਹੋਰ ਵਿਭਾਗਾਂ ਨੇ ਮਿਲ ਕੇ ਹੜ੍ਹ ਵਰਗੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਸਬੰਧੀ ਫੌਜ ਅਧਿਕਾਰੀਆਂ ਦੀਆਂ ਤਕਨੀਕਾਂ ਸੁਣੀਆਂ। ਮੇਜਰ ਰੋਬਿਨ ਸਿੰਘ ਨੇ ਕਿਹਾ ਕਿ ਮੌਨਸੂਨ ਦੌਰਾਨ ਹੜ੍ਹਾਂ ਤੋਂ ਇਲਾਵਾ ਹੋਰ ਕੁਦਰਤੀ ਆਫ਼ਤਾਂ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਤਿਆਰ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਸਾਂਝੀਆਂ ਮੌਕ ਡਰਿਲਾਂ ਦਾ ਉਦੇਸ਼ ਹਰ ਵਿਭਾਗ ਦੀ ਭੂਮਿਕਾ ਨੂੰ ਸਪੱਸ਼ਟ ਕਰਨਾ, ਕਮੀਆਂ ਦੀ ਪਛਾਣ ਕਰਨਾ ਅਤੇ ਸੰਕਟ ਵੇਲੇ ਤੁਰੰਤ ਅਤੇ ਪ੍ਰਭਾਵਸ਼ਾਲੀ ਰਾਹਤ ਯਕੀਨੀ ਬਣਾਉਣਾ ਹੈ।
ਸਕੂਲ ’ਚ ਵਿਦਿਆਰਥੀਆਂ ਨੂੰ ਦੱਸੇ ਪਾਣੀ ’ਚ ਡੁੱਬਣ ਤੋਂ ਬਚਾਅ ਦੇ ਤਰੀਕੇ : ਦਿਲਚਸਪ ਗੱਲ ਇਹ ਰਹੀ ਕਿ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਡਰਿਲ ਦਾ ਹਿੱਸਾ ਬਣਾਇਆ ਗਿਆ। ਉਨ੍ਹਾਂ ਨੂੰ ਡੁੱਬਦੇ ਵਿਅਕਤੀ ਦੀ ਮਦਦ ਕਰਨ, ਮੁੱਢਲੀ ਸਹਾਇਤਾ ਦੇਣ ਅਤੇ ਹੜ੍ਹ ਦੌਰਾਨ ਸੁਰੱਖਿਆ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਹਾਲਾਂਕਿ ਸਮਾਜ ਸੇਵੀ ਪ੍ਰੇਮ ਨਾਥ ਸ਼ਰਮਾ ਦਾ ਕਹਿਣਾ ਸੀ ਕਿ ਜੇ ਬੱਚਿਆਂ ਨੂੰ ਇਹ ਸਿਖਲਾਈ ਅਸਲ ਪਾਣੀ ਵਿੱਚ ਪ੍ਰੈਕਟੀਕਲ ਤਰੀਕੇ ਨਾਲ ਦਿੱਤੀ ਜਾਂਦੀ ਤਾਂ ਇਹ ਹੋਰ ਵੀ ਪ੍ਰਭਾਵਸ਼ਾਲੀ ਹੁੰਦੀ।