ਸਿਵਿਆਂ ਤੇ ਬੰਦ ਸ਼ੈਲਰਾਂ ’ਚ ਚੱਲ ਰਿਹੈ ਨਸ਼ੇ ਦਾ ਕਾਰੋਬਾਰ ’ ਸਿਵਿਆਂ ’ਚ ਵਿੱਚ ਹੁੰਦਾ ਹੈ ਨਸ਼ੇ ਦਾ ਕਾਰੋਬਾਰ!
Publish Date: Sun, 29 Nov 2026 05:43 PM (IST)
Updated Date: Sun, 29 Nov 2026 05:44 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ , ਫ਼ਿਰੋਜ਼ਪੁਰ : ਲਗਾਤਵਾਰ ਵਧ ਰਹੇ ਨਸ਼ਿਆਂ ਦੇ ਕਾਰੋਬਾਰੀ ਹੁਣ ਇਸ ਕਦਰ ਬੇਖੌਫ ਹੋ ਗਏ ਹਨ ਕਿ ਉਨ੍ਹਾਂ ‘ਫਾਈਨਲ ਡੈਸਟੀਨੇਸ਼ਨ’ ਸਿਵਿਆਂ ਵਿੱਚ ਵੀ ਨਸ਼ੇ ਦੇ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ। ਇੰਨ੍ਹਾਂ ਹੀ ਨਹੀਂ ਪਿੰਡਾਂ ਦੇ ਸਿਵਿਆਂ ਤੋਂ ਇਲਾਵਾ ਖਾਲੀ ਪਏ ਇਲਾਕਿਆਂ ਅਤੇ ਬੰਦ ਪਏ ਪੁਰਾਣੇ ਸ਼ੈਲਰਾਂ ਨੂੰ ਅੱਡੇ ਵਜੋਂ ਵਰਤਿਆ ਜਾ ਰਿਹਾ ਹੈ। ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਕੀਤੀਆਂ ਨਸ਼ਾ ਵਿਰੋਧੀ ਕਾਰਵਾਈਆਂ ਦੌਰਾਨ ਕਈ ਅਜਿਹੀਆਂ ਥਾਵਾਂ ਸਾਹਮਣੇ ਆਈਆਂ ਹਨ, ਜਿੱਥੇ ਨਸ਼ੇ ਦੀ ਖ਼ਰੀਦ-ਵੇਚ ਅਤੇ ਸੇਵਨ ਕੀਤਾ ਜਾ ਰਿਹਾ ਸੀ। ਪੁਲਿਸ ਦੀ ਰੋਜ਼ਾਨਾ ਕ੍ਰਾਈਮ ਰਿਪੋਰਟ ਵਿੱਚ ਸ਼ਮਸ਼ਾਨਘਾਟਾਂ ਨੇੜੇ, ਖਾਲੀ ਪਏ ਕਮਰਿਆਂ, ਕੱਚੇ ਰਸਤਿਆਂ ਅਤੇ ਬੰਦ ਪਏ ਸ਼ੈਲਰਾਂ ਵਿੱਚ ਕੀਤੀਆਂ ਕਾਰਵਾਈਆਂ ਦਾ ਜ਼ਿਕਰ ਆ ਰਿਹਾ ਹੈ। ਇਹੋ ਕਾਰਨ ਹੈ ਕਿ ਬੀਤੇ ਦਿਨੀਂ ਜ਼ਿਲ੍ਹੇ ਦੇ ਤੱਤਕਾਲੀ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਤਹਿਸੀਲ ਗੁਰੂਹਰਸਹਾਏ ਦੇ ਇੱਕ ਪਿੰਡ ਦੇ ਸਿਵਿਆਂ ਨੂੰ ‘ਡਰੱਗ ਹਾਟਸਪਾਟ’ ਐਲਾਨਿਆਂ ਸੀ। ਇਸੇ ਤਰ੍ਹਾਂ ਦੀ ਇਕ ਹੋਰ ਕਾਰਵਾਈ ਵਿੱਚ ਫ਼ਿਰੋਜ਼ਪੁਰ ਕੈਂਟ ਦੇ ਸ਼ਮਸ਼ਾਨਘਾਟ ਰੋਡ ’ਤੇ ਪੁਲਿਸ ਨੇ ਸੱਤ ਵਿਅਕਤੀਆਂ ਨੂੰ ਕਾਬੂ ਕਰਨ ਦੀ ਕਾਰਵਾਈ ਕੀਤੀ। ਰਿਪੋਰਟ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਹੈਰੋਇਨ ਲਿਆ ਕੇ ਉੱਥੇ ਨਸ਼ੇ ਦਾ ਸੇਵਨ ਕਰਦੇ ਹਨ। ਇਸੇ ਤਰ੍ਹਾਂ ਮੱਲਾਂਵਾਲਾ ਦੇ ਸ਼ਮਸ਼ਾਨਘਾਟ ਨੇੜੇ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ। ਪੁਲਿਸ ਰਿਪੋਰਟ ਅਨੁਸਾਰ ਉਨ੍ਹਾਂ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਇੰਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਨਸ਼ੇ ਦੀ ਵਰਤੋਂ ਨਾਲ ਸਬੰਧਤ ਸਾਮਾਨ ਬਰਾਮਦ ਹੋਇਆ। ਇਸੇ ਤਰਾਂ ਥਾਣਾ ਕੁਲਗੜ੍ਹੀ ਖੇਤਰ ਵਿੱਚ ਦਾਣਾ ਮੰਡੀ ਫ਼ਿਰੋਜ਼ਪੁਰ ਕੈਂਟ ਅੰਦਰ ਤਿੰਨ ਨੌਜਵਾਨਾਂ ਨੂੰ ਕਥਿਤ ਤੌਰ ’ਤੇ ਹੈਰੋਇਨ ਦਾ ਸੇਵਨ ਕਰਦੇ ਹੋਏ ਕਾਬੂ ਕਰਨ ਦਾ ਮਾਮਲਾ ਵੀ ਦਰਜ ਹੈ। ਇਸ ਤੋਂ ਇਲਾਵਾ ਘੱਲ ਖੁਰਦ ਅਤੇ ਤਲਵੰਡੀ ਭਾਈ ਖੇਤਰਾਂ ਵਿੱਚ ਵੀ ਨਸ਼ਾ ਸੇਵਨ ਨਾਲ ਸਬੰਧਤ ਕਾਰਵਾਈਆਂ ਦਰਜ ਕੀਤੀਆਂ ਗਈਆਂ ਹਨ। ਗੁਰੂਹਰਸਹਾਏ ਦੇ ਲਿੰਕ ਰੋਡ ਸਰੂਪ ਸਿੰਘ ਵਾਲਾ ਨੇੜੇ ਬੰਦ ਪਏ ਸ਼ੈਲਰ ਵਿੱਚ ਦੋ ਵੱਖ-ਵੱਖ ਮੁਕੱਦਮਿਆਂ ਤਹਿਤ ਚਾਰ-ਚਾਰ ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਜ਼ਿਕਰ ਹੈ। ਪੁਲਿਸ ਅਨੁਸਾਰ ਦੋਵਾਂ ਮਾਮਲਿਆਂ ਵਿੱਚ ਦੋ-ਦੋ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ। ਗੁਰੂਹਰਸਹਾਏ ਦੇ ਲਿੰਕ ਰੋਡ ਸਰੂਪ ਸਿੰਘ ਵਾਲਾ ਨੇੜੇ ਬੰਦ ਪਏ ਸ਼ੈਲਰ ਵਿੱਚ ਦੋ ਵੱਖ-ਵੱਖ ਮੁਕੱਦਮਿਆਂ ਤਹਿਤ ਚਾਰ-ਚਾਰ ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਜ਼ਿਕਰ ਹੈ। ਪੁਲਿਸ ਅਨੁਸਾਰ ਦੋਵਾਂ ਮਾਮਲਿਆਂ ਵਿੱਚ ਦੋ-ਦੋ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ।