- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ’ਚੋਂ ਨਸ਼ਾ ਤਸਕਰ ਹਵਾਲਾਤੀ ਫਰਾਰ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਇੱਕ ਹਵਾਲਾਤੀ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਕੈਦੀ ਦੇ ਹਸਪਤਾਲ ਵਿੱਚੋਂ ਫ਼ਰਾਰ ਹੋਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫ਼ਰਾਰ ਹੋਏ ਹਵਾਲਾਤੀ ਦੀ ਪਛਾਣ ਰਮਨਦੀਪ ਸਿੰਘ ਉਰਫ਼ ਰੰਮੀ ਪੁੱਤਰ ਪ੍ਰੇਮ ਸਿੰਘ ਵਾਸੀ ਮੱਲਾਂ ਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਹਵਾਲਾਤੀ ਖ਼ਿਲਾਫ਼ ਨਸ਼ਾ ਤਸਕਰੀ ਨਾਲ ਸਬੰਧਿਤ ਐੱਨਡੀਪੀਐੱਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਸਿਹਤ ਸਬੰਧੀ ਸਮੱਸਿਆ ਕਾਰਨ ਉਸ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਸੁਰੱਖਿਆ ਲਈ ਪੁਲਿਸ ਗਾਰਡ ਤਾਇਨਾਤ ਕੀਤਾ ਗਿਆ ਸੀ। ਹਸਪਤਾਲ ਦੇ ਐੱਸਐੱਮਓ ਡਾ. ਨਿਖਿਲ ਗੁਪਤਾ ਨੇ ਦੱਸਿਆ ਕਿ ਹਵਾਲਾਤੀ ਰਮਨਦੀਪ ਸਿੰਘ ਦੀ ਲੱਤ ਵਿਚ ਰਾਡ ਪਾਈ ਹੋਈ ਸੀ। ਬੀਤੇ ਦਿਨੀਂ ਉਹ ਲੱਤ ਵਿਚ ਦਰਦ ਹੋਣ ਦਾ ਆਖ ਕੇ ਹਸਪਤਾਲ ਆਇਆ ਸੀ। ਇੱਥੇ ਉਸ ਨੂੰ ਕੈਦੀ ਵਾਰਡ ’ਚ ਦਾਖਲ ਕੀਤਾ ਗਿਆ ਸੀ। ਇੱਥੋਂ ਉਸ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਉੱਥੇ ਤਾਇਨਾਤ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
- ਕੌਣ ਸੀ ਵਾਰਡ ’ਚ ਨਾਲ ਰਹਿੰਦੀ ਔਰਤ! : ਇਸ ਘਟਨਾ ਨੇ ਹਸਪਤਾਲ ਵਿੱਚ ਇਲਾਜ ਅਧੀਨ ਹਵਾਲਾਤੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਨਿਗਰਾਨੀ ਲਈ ਕੀਤੇ ਜਾਂਦੇ ਪੁਲਿਸ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਾਸ ਤੌਰ ’ਤੇ ਇਹ ਜਾਂਚ ਦਾ ਵਿਸ਼ਾ ਬਣ ਗਿਆ ਹੈ ਕਿ ਪੁਲਿਸ ਗਾਰਦ ਦੀ ਮੌਜੂਦਗੀ ਦੇ ਬਾਵਜੂਦ ਹਵਾਲਾਤੀ ਕਿਵੇਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਵੱਡਾ ਸਵਾਲ ਇਹ ਹੈ ਕਿ ਇਲਾਜ ਦੌਰਾਨ ਸਾਰਾ ਸਮਾਂ ਹਵਾਲਾਤੀ ਦੇ ਨਾਲ ਹਸਪਤਾਲ ਵਿੱਚ ਮੌਜੂਦ ਔਰਤ ਕੌਣ ਸੀ।