ਜ਼ੀਰਾ ’ਚ ਮੈਡੀਕਲ ਸਟੋਰਾਂ ’ਤੇ ਡਰੱਗ ਇੰਸਪੈਕਟਰ ਦੀ ਅਚਨਚੇਤ ਦਸਤਕ ਜ਼ੀਰਾ ’ਚ ਮੈਡੀਕਲ ਸਟੋਰਾਂ ’ਤੇ ਡਰੱਗ ਇੰਸਪੈਕਟਰ ਦੀ ਅਚਨਚੇਤ ਦਸਤਕ
Publish Date: Tue, 20 Oct 2026 04:08 PM (IST)
Updated Date: Tue, 20 Oct 2026 04:09 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ਼ਹਿਰ ਵਿੱਚ ਮੈਡੀਕਲ ਨਸ਼ੇ ਦੀ ਵਿਕਰੀ ਸਬੰਧੀ ਮਿਲੀਆਂ ਗੁਪਤ ਸ਼ਿਕਾਇਤਾਂ ਤੋਂ ਬਾਅਦ ਡਰੱਗ ਵਿਭਾਗ ਅਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਮੈਡੀਕਲ ਸਟੋਰਾਂ ਦੀ ਅਚਨਚੇਤ ਜਾਂਚ ਕੀਤੀ। ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਥਾਣਾ ਸਿਟੀ ਜ਼ੀਰਾ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਦੇ ਸਹਿਯੋਗ ਨਾਲ ਰੇਲਵੇ ਰੋਡ, ਸ਼ੇਰਾਂ ਵਾਲਾ ਚੌਂਕ ਸਮੇਤ ਹੋਰਨਾਂ ਥਾਵਾਂ ’ਤੇ ਸਥਿਤ ਮੈਡੀਕਲ ਸਟੋਰਾਂ ਦੀ ਪੜਤਾਲ ਕੀਤੀ। ਜਾਂਚ ਦੌਰਾਨ ਕਿਸੇ ਵੀ ਸਟੋਰ ਤੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ। ਹਾਲਾਂਕਿ, ਕੁਝ ਮੈਡੀਕਲ ਸਟੋਰਾਂ ਵਿੱਚ ਨਿਰਧਾਰਤ ਨਿਯਮਾਂ ਦੀ ਮਾਮੂਲੀ ਉਲੰਘਣਾ ਸਾਹਮਣੇ ਆਈ, ਜਿਸ ’ਤੇ ਸਬੰਧਤ ਸਟੋਰ ਮਾਲਕਾਂ ਨੂੰ ਖ਼ਾਮੀਆਂ ਦੂਰ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਡਰੱਗ ਇੰਸਪੈਕਟਰ ਸੋਨੀਆ ਗੁਪਤਾ ਅਤੇ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕੁਝ ਮੈਡੀਕਲ ਸਟੋਰਾਂ ’ਤੇ ਨਸ਼ੀਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਹੋਣ ਸਬੰਧੀ ਗੁਪਤ ਸੂਚਨਾਵਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦਵਾਈਆਂ ਦੀ ਵਿਕਰੀ ਨਿਰਧਾਰਤ ਕਾਨੂੰਨੀ ਨਿਯਮਾਂ ਅਨੁਸਾਰ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਚਿਤਾਵਨੀ ਦਿੱਤੀ ਕਿ ਨਸ਼ੀਲੀਆਂ ਦਵਾਈਆਂ ਦੀ ਗ਼ੈਰ-ਕਾਨੂੰਨੀ ਵਿਕਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਸਟੋਰ ਮਾਲਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।