ਡਰੱਗ ਕੰਟਰੋਲ ਟੀਮ ਦੀ ਵੱਡੀ ਕਾਰਵਾਈ, ਮੈਡੀਕਲ ਸਟੋਰਾਂ ਤੇ ਗੋਦਾਮਾਂ ’ਤੇ ਛਾਪੇਮਾਰੀ; 43 ਲੱਖ ਦੀਆਂ ਦਵਾਈਆਂ ਜ਼ਬਤ
ਫਿਰੋਜ਼ਪੁਰ ’ਚ ਸਿਹਤ ਵਿਭਾਗ ਦੀ ਡਰੱਗ ਕੰਟਰੋਲ ਟੀਮ ਨੇ ਦੋ ਮੈਡੀਕਲ ਸਟੋਰਾਂ ਤੇ ਗੋਦਾਮਾਂ ’ਤੇ ਛਾਪੇਮਾਰੀ ਕਰਕੇ ਵੱਡੀ ਕਾਰਵਾਈ ਕੀਤੀ। ਖਰੀਦ-ਫਰੋਖ਼ਤ ਦੇ ਰਿਕਾਰਡ ’ਚ ਖਾਮੀਆਂ ਮਿਲਣ ’ਤੇ ਕਰੀਬ 43 ਲੱਖ ਰੁਪਏ ਦੀਆਂ ਅਨਿਯਮਿਤ ਦਵਾਈਆਂ ਤੇ ਐੱਮਟੀਪੀ ਕਿੱਟਾਂ ਜ਼ਬਤ ਕੀਤੀਆਂ ਗਈਆਂ।
Publish Date: Sat, 19 Sep 2026 01:27 PM (IST)
Updated Date: Sat, 19 Sep 2026 01:29 PM (IST)
ਜਾਗਰਣ ਸੰਵਾਦਦਾਤਾ, ਫਿਰੋਜ਼ਪੁਰ : ਸਿਹਤ ਵਿਭਾਗ ਦੀ ਡਰੱਗ ਕੰਟਰੋਲ ਟੀਮ ਨੇ ਸ਼ੁੱਕਰਵਾਰ ਨੂੰ ਫਿਰੋਜ਼ਪੁਰ ’ਚ ਮੈਡੀਕਲ ਸਟੋਰਾਂ ਤੇ ਦਵਾਈਆਂ ਦੇ ਗੋਦਾਮਾਂ ’ਤੇ ਵੱਡੀ ਕਾਰਵਾਈ ਕਰਦਿਆਂ ਕਰੀਬ 43 ਲੱਖ ਰੁਪਏ ਦੀਆਂ ਅਨਿਯਮਿਤ ਦਵਾਈਆਂ ਤੇ ਐੱਮਟੀਪੀ ਕਿੱਟਾਂ ਜ਼ਬਤ ਕੀਤੀਆਂ ਹਨ। ਵਿਭਾਗੀ ਟੀਮ ਨੇ ਦੋ ਥਾਵਾਂ ’ਤੇ ਅਚਾਨਕ ਛਾਪੇਮਾਰੀ ਕਰਕੇ ਦਵਾਈਆਂ ਦੀ ਖਰੀਦ-ਫਰੋਖ਼ਤ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ। ਜਾਂਚ ਦੌਰਾਨ ਰਿਕਾਰਡ ’ਚ ਕਈ ਖਾਮੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਵੱਡੀ ਮਾਤਰਾ ’ਚ ਦਵਾਈਆਂ ਜ਼ਬਤ ਕੀਤੀਆਂ ਗਈਆਂ। ਵਿਭਾਗ ਨੇ ਸਬੰਧਤ ਫਰਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸਿਵਲ ਸਰਜਨ ਫਿਰੋਜ਼ਪੁਰ ਡਾ. ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਕਾਰਵਾਈ ਕੀਤੀ ਗਈ। ਜ਼ੋਨਲ ਲਾਇਸੈਂਸ ਅਥਾਰਟੀ ਲਖਵੰਤ ਸਿੰਘ ਦੇ ਨਿਰਦੇਸ਼ ’ਤੇ ਡਰੱਗ ਕੰਟਰੋਲ ਅਫ਼ਸਰ ਫਿਰੋਜ਼ਪੁਰ ਸੋਨੀਆ ਗੁਪਤਾ, ਫਰੀਦਕੋਟ ਦੇ ਹਰਜਿੰਦਰ ਸਿੰਘ ਤੇ ਫਾਜ਼ਿਲਕਾ ਦੀ ਹਰਿਤਾ ਬਾਂਸਲ ਦੀ ਸਾਂਝੀ ਟੀਮ ਨੇ ਵੱਖ-ਵੱਖ ਮੈਡੀਕਲ ਸਟੋਰਾਂ ਤੇ ਗੋਦਾਮਾਂ ਦੀ ਜਾਂਚ ਕੀਤੀ। ਟੀਮ ਨੇ ਸਭ ਤੋਂ ਪਹਿਲਾਂ ਪਿਲ ਕਲੱਬ, ਫਿਰੋਜ਼ਪੁਰ ਸ਼ਹਿਰ ਦੀ ਜਾਂਚ ਕੀਤੀ। ਇੱਥੇ ਦਵਾਈਆਂ ਦੀ ਖਰੀਦ-ਫਰੋਖ਼ਤ ਨਾਲ ਸਬੰਧਤ ਰਿਕਾਰਡ ਦੀ ਜਾਂਚ ਦੌਰਾਨ ਕਈ ਬੇਨਿਯਮੀਆਂ ਮਿਲੀਆਂ। ਫਰਮ ਦੇ ਮਾਲਕ ਵੱਲੋਂ ਵੀ ਰਿਕਾਰਡ ’ਚ ਮਿਲੀਆਂ ਖਾਮੀਆਂ ਬਾਰੇ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਜਾ ਸਕਿਆ।
ਇਸ ਤੋਂ ਬਾਅਦ ਟੀਮ ਨੇ ਪੰਜ ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ’ਚ 14,100 ਟੈਬਲੇਟ ਤੇ 7,920 ਐੱਮਟੀਪੀ ਕਿੱਟਾਂ ਸ਼ਾਮਲ ਹਨ। ਜ਼ਬਤ ਕੀਤੀਆਂ ਦਵਾਈਆਂ ਦੀ ਕੀਮਤ ਕਰੀਬ 30 ਲੱਖ 24 ਹਜ਼ਾਰ 380 ਰੁਪਏ ਦੱਸੀ ਗਈ ਹੈ। ਇਸ ਤੋਂ ਬਾਅਦ ਟੀਮ ਨੇ ਗੋਬਰ ਮੰਡੀ ਸਥਿਤ ਆਰਐੱਸ ਫਾਰਮਾ ਦੇ ਗੋਦਾਮ ’ਤੇ ਛਾਪੇਮਾਰੀ ਕੀਤੀ। ਇੱਥੇ ਸਟਾਕ ਤੇ ਖਰੀਦ-ਫਰੋਖ਼ਤ ਦੇ ਰਿਕਾਰਡ ਦੀ ਜਾਂਚ ਦੌਰਾਨ ਵੀ ਕਈ ਖਾਮੀਆਂ ਪਾਈਆਂ ਗਈਆਂ। ਟੀਮ ਨੇ ਅੱਠ ਕਿਸਮਾਂ ਦੀਆਂ ਦਵਾਈਆਂ ਜ਼ਬਤ ਕੀਤੀਆਂ, ਜਿਨ੍ਹਾਂ ’ਚ 1,511 ਐੱਮਟੀਪੀ ਕਿੱਟਾਂ, 44,400 ਕੈਪਸੂਲ ਤੇ 1,569 ਟੈਬਲੇਟ ਸ਼ਾਮਲ ਹਨ। ਇਨ੍ਹਾਂ ਦੀ ਕੀਮਤ ਕਰੀਬ 12 ਲੱਖ 75 ਹਜ਼ਾਰ 698 ਰੁਪਏ ਹੈ।
ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਦੱਸਿਆ ਕਿ ਦੋਵਾਂ ਥਾਵਾਂ ਤੋਂ ਕੁੱਲ 42 ਲੱਖ 99 ਹਜ਼ਾਰ 978 ਰੁਪਏ ਦੀਆਂ ਅਨਿਯਮਿਤ ਦਵਾਈਆਂ ਤੇ ਐੱਮਟੀਪੀ ਕਿੱਟਾਂ ਜ਼ਬਤ ਕੀਤੀਆਂ ਗਈਆਂ ਹਨ। ਮਾਮਲੇ ਦੀ ਵਿਸਥਾਰਪੂਰਵਕ ਜਾਂਚ ਜਾਰੀ ਹੈ। ਸਬੰਧਤ ਫਰਮਾਂ ਖ਼ਿਲਾਫ਼ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਵਿਭਾਗੀ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।