- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਿਰੋਜ਼ਪੁਰ ’ਚ ਕਰਵਾਇਆ ਡਰੋਨ ਸ਼ੋਅ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਦੇ ਨਾਲ ਸੀ-ਪਾਈਟ ਦੇ ਮੈਦਾਨ ’ਚ ਫਿਰੋਜ਼ਪੁਰ ਵਿਖ਼ੇ 500 ਡਰੋਨਾਂ ਰਾਹੀਂ ਸ਼ਾਨਦਾਰ ਡਰੋਨ ਸ਼ੋਅ ਕਰਵਾਇਆ ਗਿਆ। ਡਰੋਨ ਸ਼ੋਅ ਦੌਰਾਨ ਅਸਮਾਨ ਵਿਚ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ, ਮਹਾਨ ਸਿੱਖਿਆਵਾਂ, ਸੱਚੀ-ਸੁੱਚੀ ਕਿਰਤ ਅਤੇ ਸਰਬ-ਸਾਂਝੇ ਫ਼ਲਸਫ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਨੇ ਤਕਨਾਲੋਜੀ ਅਤੇ ਅਧਿਆਤਮਿਕਤਾ ਦੇ ਇਸ ਵਿਲੱਖਣ ਸੁਮੇਲ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਨਿਹਾਰਿਆ। ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਯਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਜਿਸ ਤਹਿਤ ਸੂਬੇ ਭਰ ਵਿੱਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਗੁਰੂ ਜੀ ਦੇ ਸਰਬ-ਸਾਂਝੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਜੀਵਨ ਅਤੇ ਬਾਣੀ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਸਾਂਝੀਵਾਲਤਾ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਡਰੋਨਾਂ ਰਾਹੀਂ ਕੀਤੀ ਗਈ ਇਹ ਪੇਸ਼ਕਾਰੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ। ਇਸ ਸ਼ੋਅ ਰਾਹੀਂ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ, ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ। ਸ਼ੋਅ ਤੋਂ ਪਹਿਲਾਂ ਬਾਬਾ ਡਾ. ਭੀਮ ਰਾਓ ਅੰਬੇਡਕਰ ‘‘ਏਕ ਸ਼ਾਮ ਬਾਬਾ ਜੀ ਕੇ ਨਾਮ’’ ਤਹਿਤ ਗਾਇਕ ਰਾਕੇਸ਼ ਗਿੱਲ, ਸੋਨੂੰ ਸਭਰਵਾਲ ਅਤੇ ਅੰਮ੍ਰਿਤਸਰ ਤੋਂ ਪਵਨ ਦਰਾਵਿੜ ਤੇ ਉਨ੍ਹਾਂ ਦੀਂ ਟੀਮ ਵਲੋਂ ਸੰਗਤ ਨੂੰ ਮਨੋਹਰ ਵਾਣੀ, ਧਾਰਮਿਕ ਗੀਤ/ ਭੱਜਣਾ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀਂ ਭੂਮਿਕਾ ਡਿਪਟੀ ਡੀ.ਓ ਡਾ. ਸਤਿੰਦਰ ਸਿੰਘ ਵਲੋਂ ਨਿਭਾਈ ਗਈ। ਇਸ ਮੌਕੇ ਐੱਸਡੀਐੱਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾ, ਰੋਬੀ ਸੰਧੂ ਪੀ.ਏ, ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਕੈਂਟ ਬੇਅੰਤ ਸਿੰਘ, ਸੁਖਦੀਪ ਸਿੰਘ ਉੱਗੋ ਕੇ ਪ੍ਰਧਾਨ ਯੂਥ ਵਿੰਗ, ਮਨਦੀਪ ਸਿੰਘ ਪਿਆਰੇਆਣਾ, ਜਗਮੀਤ ਭੁੱਲਰ, ਮੈਰੀਟੋਰੀਅਸ ਸਕੂਲ ਦਾ ਸਟਾਫ, ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।