ਭ੍ਰਿਸਟਾਚਾਰ ਲੱਕੜ ਨੂੰ ਲੱਗੀ ਸਿਉਂਕ ਵਾਂਗ ਸਮਾਜਕਿ ਕਦਰਾਂ ਕੀਮਤਾਂ ਅਤੇ ਨੈਤਿਕਤਾ ਨੂੰ ਖਾ ਰਿਹੈ : ਡਾ. ਠੁਕਰਾਲ
ਡਾ. ਸਤੀਸ਼ ਠੁਕਰਾਲ ਨੇ ਨਵੇਂ ਨਾਵਲ 'ਕਿਸ ਹੱਦ ਤੱਕ' ਦੇ ਪ੍ਰਕਾਸ਼ਿਤ ਹੋਣ ਉਪਰੰਤ ਪੱਤਰਕਾਰਾਂ ਸਨਮੁੱਖ ਵਿਅਕਤ ਕੀਤੇ ਵਿਚਾਰ
Publish Date: Sat, 14 Feb 2026 04:32 PM (IST)
Updated Date: Sat, 14 Feb 2026 04:36 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਭਾਰਤੀ ਸਮਾਜ ਦੀਆਂ ਕਦਰਾਂ ਕੀਮਤਾਂ ਅਤੇ ਨੈਤਿਕਤਾ ਨੂੰ ਭ੍ਰਿਸਟਾਚਾਰ ਲੱਕੜ ਨੂੰ ਲੱਗੀ ਸਿਉਂਕ ਵਾਂਗ ਖਾ ਰਿਹਾ ਤੇ ਭ੍ਰਿਸਟਾਚਾਰ ਦੀ ਇਹ ਭੁੱਖ ਲਗਾਤਾਰ ਵਧਦੀ ਜਾ ਰਹੀ ਹੈ। ਪਹਿਲਾਂ ਪਹਿਲ ਇਹ ਭੁੱਖ ਰਾਜਨੀਤੀ ਤੱਕ ਸੀਮਤ ਸੀ ਤੇ ਬਾਅਦ ਵਿੱਚ ਵਧਦੀ ਵਧਦੀ ਅਫਸਰਸ਼ਾਹੀ, ਪੁਲਿਸ ਪ੍ਰਸਾਸ਼ਨ ਰਾਹੀਂ ਹੁੰਦੀ ਹੋਈ ਮੈਡੀਕਲ ਖੇਤਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਫੈਲ ਗਈ। ਹੁਣ ਤਾਂ ਹਾਲਾਤ ਇਹ ਹੈ ਕਿ ਮੁਹੱਬਤ ਦਾ ਸੰਵੇਦਨਸ਼ੀਲ ਅਹਿਸਾਸ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਸਮਾਜ ਸੇਵਾ ਐਨਜੀਓ ਅਤੇ ਮੁਹੱਬਤ ਵਿੱਚ ਫੈਲ ਰਿਹਾ ਇਹ ਬਸੁਭਾਂਤੀ ਭ੍ਰਿਸਟਾਚਾਰ ਹੀ ਇਸ ਨਾਵਲ ਕਿਸ ਹੱਦ ਤੱਕ ਦਾ ਵਿਸ਼ਾ ਵਸਤੂ ਹੈ। ਡਾਕਟਰੀ ਖੇਤਰ ਨਾਲ ਬਾਬਸਤਾ ਹਰ ਬਾਸ਼ਿੰਦੇ ਲਈ ਸਮਾਜ ਸੇਵਾ ਖੇਤਰ ਵਿੱਚ ਫੈਲ ਰਹੇ ਭ੍ਰਿਸਟਾਚਾਰ ਦਾ ਕੱਚ ਸੱਚ ਜਾਨਣ ਲਈ ਇਹ ਨਾਵਲ ਪੜਨਯੋਗ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮਖੂ ਇਲਾਕੇ ਦੇ ਜਾਣੇ ਪਹਿਚਾਣੇ ਸਾਹਿਤਕਾਰ ਅਤੇ ਸੀਨੀਅਰ ਡਾਕਟਰ, ਡਾ. ਸਤੀਸ਼ ਠੁਕਰਾਲ ਸੋਨੀ ਉਰਫ ਸਤੀਸ਼ ਕੁਮਾਰ ਠੂਕਰਾਲ ਨੇ ਨਵਯੁੱਗ ਪ੍ਰਕਾਸ਼ਨ ਦਿੱਲੀ ਵੱਲੋਂ ਪ੍ਰਕਾਸ਼ਿਤ ਆਪਣੇ ਨਵੇਂ ਨਾਵਲ ਕਿਸ ਹੱਦ ਤੱਕ ਦੇ ਪ੍ਰਕਾਸ਼ਿਤ ਹੋਣ ਉਪਰੰਤ ਪੱਤਰਕਾਰਾਂ ਸਨਮੁੱਖ ਵਿਅਕਤ ਕੀਤੇ। ਉਨ੍ਹਾਂ ਦੱਸਿਆ ਕਿ ਉਕਤ ਨਾਵਲ ਦੀ ਕਹਾਣੀ, ਕਥਾਨਕ ਅਤੇ ਵਿਸ਼ਾ ਵਸਤੂ ਸਭ ਇਸੇ ਸਮਾਜ ਵਿੱਚੋਂ ਲਏ ਗਏ ਹਨ ਅਤੇ ਪਾਠਕਾਂ ਨੂੰ ਸਮਾਜ ਸੇਵਾ ਖੇਤਰ ਦੇ ਨਾਲ ਨਾਲ ਫ਼ਰਜੀ ਇਨਸਾਨੀ ਰਿਸ਼ਤਿਆਂ ਦੇ ਅੰਦਰੂਨੀ ਕਰੂਰ ਯਥਾਰਥ ਦੇ ਰੂਬਰੂ ਕਰਵਾਉਣ ਦਾ ਜਰੀਆ ਬਨਣਗੇ। ਨਾਵਲ ਬੀਤੇ ਸਮੇ ਵਿੱਚ ਆਯੋਜਿਤ ਹੋਈ ਕਾਲਾ ਪੀਲੀਆ ਰੋਕੂ ਟੀਕਾਕਰਨ ਮੁਹਿੰਮ ਨਾਲ ਸਬੰਧਿਤ ਹੈ। ਵਰਣਨਯੋਗ ਹੈ ਕਿ ਡਾ ਸਤੀਸ਼ ਠੁਕਰਾਲ ਸੋਨੀ ਜਿਲ੍ਹਾ ਫਿਰੋਜ਼ਪੁਰ ਦੇ ਸ਼ਾਇਦ ਇਕੱਲੇ ਕਵਾਲੀਫਾਇਡ ਡਾਕਟਰ ਹਨ ਜੋ ਆਪਣੇ ਡਾਕਟਰੀ ਕਿੱਤੇ ਦੇ ਨਾਲ ਨਾਲ ਦਸ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਕੇ ਮਾਂ ਬੋਲੀ ਪੰਜਾਬੀ ਪ੍ਰਤੀ ਬਣਦੀ ਜਿੰਮੇਵਾਰੀ ਨਿਭਾ ਰਹੇ ਹਨ। ਡਾ ਸੋਨੀ ਜਿੱਥੇ ਡੀਡੀ ਪੰਜਾਬੀ ਦੇ ਵੱਖ ਵੱਖ ਪ੍ਰੋਗਰਾਮਾਂ ਦਾ ਹਿੱਸਾ ਬਣਦੇ ਰਹਿੰਦੇ ਹਨ ਉੱਥੇ ਆਲ ਇੰਡੀਆ ਰੇਡੀਓ ਉੱਤੇ ਵੀ ਆਪਣੀਆਂ ਪੇਸ਼ਕਾਰੀਆਂ ਦਿੰਦੇ ਰਹਿਦੇ ਹਨ। ਇਸ ਤੋਂ ਇਲਾਵਾ ਫੀਚਰ ਫਿਲਮਾਂ ਦੇ ਸਕ੍ਰਿਪਟ ਲੇਖਕ ਵਜੋਂ ਬਾਲੀਵੁੱਡ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਸੰਘਰਸ਼ ਕਰ ਰਹੇ ਡਾ. ਸੋਨੀ ਮਖੂ ਵਿਖੇ ਆਪਣਾ ਹਸਪਤਾਲ ਚਲਾਉਣ ਦੇ ਨਾਲ ਨਾਲ ਇੱਕ ਮੰਜੇ ਹੋਏ ਮੰਚ ਸੰਚਾਲਕ ਵਜੋਂ ਆਪਣੀਆਂ ਪੇਸ਼ਕਾਰੀਆਂ ਦਿੰਦੇ ਰਹਿੰਦੇ ਹਨ। ਡਾ. ਠੁਕਰਾਲ ਦੇ ਇਸ ਨਵੇਂ ਨਾਵਲ ਦੇ ਪ੍ਰਕਾਸ਼ਨ ਤੇ ਫਿਲਮ ਡਾਇਰੈਕਟਰ ਪਾਲੀ ਭੁਪਿੰਦਰ ਸਿੰਘ, ਪ੍ਰਸਿੱਧ ਗਾਇਕ ਪੰਮੀ ਬਾਈ, ਲੇਖਕ ਧਰਮਪਾਲ ਸਾਹਿਲ, ਲੇਖਿਕਾ ਕੁਲਜੀਤ ਆਸਟ੍ਰੇਲੀਆ, ਸੂਬੇਦਾਰ ਲਖਵਿੰਦਰ ਸਿੰਘ ਬੁੱਲੋਕੇ, ਪੰਡਿਤ ਸ਼ੇਖਰ ਸ਼ਰਮਾ, ਦਲਜੀਤ ਕਾਲੀਆ, ਗੁਲਾਟੀ ਕੋਟ ਇਸੇ ਖਾਂ ਅਤੇ ਲੇਖਕ ਅਮਨਦੀਪ ਨੇ ਸ਼ੁਭਿੱਛਾਵਾਂ ਦਿੱਤੀਆਂ ਹਨ।