ਦੁੱਧ, ਮਾਵੇ, ਪਨੀਰ ਤੇ ਮਠਿਆਈਆਂ ਦੀ ਖ਼ਰੀਦਦਾਰੀ ਸਮੇਂ ਵਰਤੋ ਸਾਵਧਾਨੀ ਤਿਉਹਾਰਾਂ ਦੀ ਰੌਣਕ ’ਚ ਸਿਹਤ ਨਾਲ ਖਿਲਵਾੜ ਨਾ ਕਰੋ, ਮਿਲਾਵਟੀ ਮਠਿਆਈਆਂ ਬਣ ਸਕਦੀਆਂ ਨੇ ਬਿਮਾਰੀਆਂ ਦਾ ਕਾਰਨ
Publish Date: Wed, 28 Oct 2026 03:24 PM (IST)
Updated Date: Wed, 28 Oct 2026 03:25 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਤਿਉਹਾਰਾਂ ਦੀਆਂ ਖ਼ੁਸ਼ੀਆਂ ਨੂੰ ਮਠਿਆਈਆਂ ਦੀ ਮਿਠਾਸ ਨਾਲ ਦੁੱਗਣਾ ਕਰਨ ਦੀ ਰੀਤ ਦਰਮਿਆਨ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਦਾ ਖ਼ਤਰਾ ਲੋਕਾਂ ਦੀ ਸਿਹਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੀਵਾਲੀ ਦੇ ਨੇੜੇ ਆਉਂਦਿਆਂ ਦੁੱਧ, ਮਾਵੇ, ਪਨੀਰ ਅਤੇ ਮਠਿਆਈਆਂ ਦੀ ਮੰਗ ਵਧਣ ਕਾਰਨ ਮਿਲਾਵਟੀ ਵਸਤਾਂ ਦੀ ਵਿਕਰੀ ਦਾ ਖ਼ਦਸ਼ਾ ਵੀ ਵਧ ਜਾਂਦਾ ਹੈ। ਅਜਿਹੀਆਂ ਵਸਤਾਂ ਦਾ ਸੇਵਨ ਪੇਟ ਦਰਦ, ਉਲਟੀਆਂ, ਦਸਤ, ਬਦਹਜ਼ਮੀ ਅਤੇ ਅੰਤੜੀਆਂ ਦ ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦਾ ਹੈ। ਬਦਲਦੇ ਮੌਸਮ ਦੌਰਾਨ ਵੀ ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਖਾਣ-ਪੀਣ ਸਬੰਧੀ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਡਾ. ਅਨਿਲ ਬਜਾਜ ਅਨੁਸਾਰ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਵਿੱਚ ਯੂਰੀਆ, ਧੋਣ ਵਾਲੇ ਪਦਾਰਥ, ਸਟਾਰਚ ਅਤੇ ਘਟੀਆ ਦਰਜੇ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮਠਿਆਈਆਂ ਨੂੰ ਵਧੇਰੇ ਆਕਰਸ਼ਕ ਬਣਾਉਣ ਲਈ ਮੈਟਾਨਿਲ ਪੀਲੇ ਵਰਗੇ ਹਾਨੀਕਾਰਕ ਅਤੇ ਪਾਬੰਦੀਸ਼ੁਦਾ ਰੰਗਾਂ ਦੀ ਵਰਤੋਂ ਵੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਅਜਿਹੇ ਪਦਾਰਥਾਂ ਦੇ ਸੇਵਨ ਨਾਲ ਭੋਜਨ-ਜ਼ਹਿਰਬਾਦ, ਗੰਭੀਰ ਬਦਹਜ਼ਮੀ ਅਤੇ ਅੰਤੜੀਆਂ ਦੀ ਲਾਗ ਹੋਣ ਦਾ ਖ਼ਤਰਾ ਰਹਿੰਦਾ ਹੈ। ਗੰਭੀਰ ਹਾਲਤ ਵਿੱਚ ਸਰੀਰ ਵਿੱਚੋਂ ਪਾਣੀ ਅਤੇ ਲੂਣ ਦੀ ਮਾਤਰਾ ਘਟਣ ਦੇ ਨਾਲ ਜਿਗਰ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਵੀ ਹੋ ਸਕਦਾ ਹੈ। ਬਿਮਾਰੀਆਂ ਤੋਂ ਬਚਣ ਲਈ ਅਪਣਾਓ ਸਾਵਧਾਨੀਆਂ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨੇ ਦੀ ਵਰਤੋਂ ਮਗਰੋਂ ਸਾਬਣ ਨਾਲ ਹੱਥ ਧੋਵੋ। ਹਮੇਸ਼ਾ ਤਾਜ਼ਾ, ਚੰਗੀ ਤਰ੍ਹਾਂ ਪਕਾਇਆ ਅਤੇ ਢੱਕ ਕੇ ਰੱਖਿਆ ਭੋਜਨ ਖਾਓ। ਸਾਫ਼ ਪਾਣੀ ਦੀ ਵਰਤੋਂ ਕਰੋ ਅਤੇ ਪਾਣੀ ਦੀ ਸ਼ੁੱਧਤਾ ਬਾਰੇ ਸ਼ੱਕ ਹੋਣ ’ਤੇ ਇਸ ਨੂੰ ਉਬਾਲ ਕੇ ਪੀਓ। ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਸਰੀਰ ਵਿੱਚ ਪਾਣੀ ਦੀ ਘਾਟ ਤੋਂ ਬਚਣ ਲਈ ਓਆਰਐੱਸ ਘੋਲ ਲਓ। ਜੇ ਪੇਟ ਦਰਦ ਜਾਂ ਦਸਤ ਲਗਾਤਾਰ ਬਣੇ ਰਹਿਣ, ਕਮਜ਼ੋਰੀ ਮਹਿਸੂਸ ਹੋਵੇ, ਪਿਸ਼ਾਬ ਘੱਟ ਆਵੇ ਜਾਂ ਚੱਕਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਮਠਿਆਈਆਂ ਖ਼ਰੀਦਣ ਸਮੇਂ ਰੱਖੋ ਖ਼ਾਸ ਧਿਆਨ ਮਠਿਆਈਆਂ ਖ਼ਰੀਦਣ ਵੇਲੇ ਬਹੁਤ ਜ਼ਿਆਦਾ ਚਮਕਦਾਰ ਜਾਂ ਗ਼ੈਰ-ਕੁਦਰਤੀ ਰੰਗਾਂ ਵਾਲੀਆਂ ਵਸਤਾਂ ਤੋਂ ਪਰਹੇਜ਼ ਕਰੋ। ਖਾਣ-ਪੀਣ ਦੀਆਂ ਚੀਜ਼ਾਂ ਹਮੇਸ਼ਾ ਨਾਮਵਰ ਅਤੇ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖ਼ਰੀਦੋ। ਪੈਕ ਕੀਤੀਆਂ ਵਸਤਾਂ ਉੱਤੇ ਨਿਰਮਾਣ ਅਤੇ ਮਿਆਦ ਪੁੱਗਣ ਦੀਆਂ ਤਾਰੀਖਾਂ ਸਮੇਤ ਹੋਰ ਜ਼ਰੂਰੀ ਜਾਣਕਾਰੀ ਦੀ ਜਾਂਚ ਕਰੋ। ਜੇ ਕਿਸੇ ਮਠਿਆਈ ਦੀ ਗੰਧ, ਰੰਗ ਜਾਂ ਬਣਤਰ ਸ਼ੱਕੀ ਲੱਗੇ ਤਾਂ ਉਸ ਨੂੰ ਖਾਣ ਤੋਂ ਗੁਰੇਜ਼ ਕਰੋ। ਸਿਹਤ ਵਿਭਾਗ ਅਤੇ ਭੋਜਨ ਸੁਰੱਖਿਆ ਸ਼ਾਖਾ ਵੱਲੋਂ ਬਾਜ਼ਾਰਾਂ ਵਿੱਚ ਜਾਂਚ ਤੇਜ਼ ਕੀਤੇ ਜਾਣ ਦੇ ਮੱਦੇਨਜ਼ਰ ਲੋਕਾਂ ਨੂੰ ਵੀ ਜਾਗਰੂਕ ਰਹਿਣ ਦੀ ਲੋੜ ਹੈ, ਤਾਂ ਜੋ ਤਿਉਹਾਰਾਂ ਦੀਆਂ ਖ਼ੁਸ਼ੀਆਂ ਬਿਮਾਰੀਆਂ ਦੀ ਵਜ੍ਹਾ ਨਾ ਬਣਨ।