ਦੋ ਸਾਲਾ ਬੱਚੇ ’ਤੇ ਆਵਾਰਾ ਕੁੱਤੇ ਦਾ ਹਮਲਾ, ਚਿਹਰੇ ਨੂੰ ਬੁਰੀ ਤਰ੍ਹਾਂ ਨੋਚਿਆ; ਕਰੀਬ 10 ਮਿੰਟ ਤੱਕ ਕੁੱਤੇ ਨੇ ਬੱਚੇ ਨੂੰ ਬਣਾਇਆ ਨਿਸ਼ਾਨਾ ਫਿਰੋਜ਼ਪੁਰ ਛਾਉਣੀ ਦੀ ਗਲੀ ਨੰਬਰ 1 ਵਿੱਚ ਘਰ ਦੇ ਬਾਹਰ ਖੇਡ ਰਹੇ ਇੱਕ ਦੋ ਸਾਲਾ ਬੱਚੇ ’ਤੇ ਆਵਾਰਾ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਕੁੱਤੇ ਨੇ ਕਾਫੀ ਦੇਰ ਤੱਕ ਬੱਚੇ ਨੂੰ ਨੋਚਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਕੈਂਟ ਬੋਰਡ ਅਧਿਕਾਰੀਆਂ ਦੇ ਖਿਲਾਫ ਭੜਾਸ ਕੱਢ ਰਹੇ ਹਨ । ਜ਼ਖ਼ਮੀਮਾਸੂਮ ਬੱਚੇ ਦੀ ਪਛਾਣ ਦੋ ਸਾਲ ਦੇ ਰਾਘਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਘਵ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਇਸ ਦੌਰਾਨ ਇੱਕ ਆਵਾਰਾ ਕੁੱਤਾ ਉਸ ਦੇ ਨੇੜੇ ਆਇਆ ਅਤੇ ਅਚਾਨਕ ਉਸ ’ਤੇ ਝਪਟ ਪਿਆ।
Publish Date: Wed, 09 Sep 2026 03:16 PM (IST)
Updated Date: Wed, 09 Sep 2026 03:19 PM (IST)
ਪਰਮਿੰਦਰ ਸਿੰਘ ਥਿੰਦ ,ਪੰਜਾਬੀ ਜਾਗਰਣ ,ਫਿਰੋਜ਼ਪੁਰ : ਫਿਰੋਜ਼ਪੁਰ ਛਾਉਣੀ ਦੀ ਗਲੀ ਨੰਬਰ 1 ਵਿੱਚ ਘਰ ਦੇ ਬਾਹਰ ਖੇਡ ਰਹੇ ਇੱਕ ਦੋ ਸਾਲਾ ਬੱਚੇ ’ਤੇ ਆਵਾਰਾ ਕੁੱਤੇ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਇੰਨਾ ਭਿਆਨਕ ਸੀ ਕਿ ਕੁੱਤੇ ਨੇ ਕਾਫੀ ਦੇਰ ਤੱਕ ਬੱਚੇ ਨੂੰ ਨੋਚਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਕੈਂਟ ਬੋਰਡ ਅਧਿਕਾਰੀਆਂ ਦੇ ਖਿਲਾਫ ਭੜਾਸ ਕੱਢ ਰਹੇ ਹਨ । ਜ਼ਖ਼ਮੀਮਾਸੂਮ ਬੱਚੇ ਦੀ ਪਛਾਣ ਦੋ ਸਾਲ ਦੇ ਰਾਘਵ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਘਵ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਇਸ ਦੌਰਾਨ ਇੱਕ ਆਵਾਰਾ ਕੁੱਤਾ ਉਸ ਦੇ ਨੇੜੇ ਆਇਆ ਅਤੇ ਅਚਾਨਕ ਉਸ ’ਤੇ ਝਪਟ ਪਿਆ। ਕੁੱਤੇ ਨੇ ਬੱਚੇ ਨੂੰ ਹੇਠਾਂ ਸੁੱਟ ਕੇ ਉਸ ਦੇ ਚਿਹਰੇ ਅਤੇ ਮੂੰਹ ਨੂੰ ਨਿਸ਼ਾਨਾ ਬਣਾਇਆ। ਬੱਚੇ ਵੱਲੋਂ ਮਦਦ ਲਈ ਚੀਕਾਂ ਮਾਰਨ ’ਤੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲੇ। ਮੌਕੇ ’ਤੇ ਪਹੁੰਚੇ ਲੋਕਾਂ ਨੇ ਬੱਚੇ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਕਾਫੀ ਜੱਦੋਜਹਿਦ ਤੋਂ ਬਾਅਦ ਲੋਕਾਂ ਨੇ ਕੁੱਤੇ ਨੂੰ ਦੂਰ ਭਜਾ ਕੇ ਬੱਚੇ ਨੂੰ ਬਚਾਇਆ। ਸਥਾਨਕ ਲੋਕਾਂ ਮੁਤਾਬਕ ਕੁੱਤੇ ਨੇ ਕਰੀਬ 10 ਮਿੰਟ ਤੱਕ ਬੱਚੇ ਨੂੰ ਨੋਚਿਆ। ਇਸ ਦੌਰਾਨ ਬੱਚੇ ਦੇ ਚਿਹਰੇ ’ਤੇ ਗੰਭੀਰ ਸੱਟਾਂ ਲੱਗੀਆਂ।
ਪਰਿਵਾਰਿਕ ਮੈਂਬਰਾਂ ਨੇ ਘਟਨਾ ਤੋਂ ਤੁਰੰਤ ਬਾਅਦ ਰਾਘਵ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਸ ਪੂਰੀ ਘਟਨਾ ਦੀ ਤਸਵੀਰ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਸਵਾਲ ਖੜ੍ਹੇ ਕੀਤੇ ਹਨ। ਛਾਉਣੀ ਵਾਸੀ ਗਿਰਜੇਸ਼ ਅਗਰਵਾਲ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਇਲਾਕੇ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਮੁਤਾਬਕ ਗਲੀਆਂ ਵਿੱਚ ਘੁੰਮਦੇ ਕੁੱਤਿਆਂ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਹਰ ਸਮੇਂ ਚਿੰਤਾ ਬਣੀ ਰਹਿੰਦੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਇਕ ਪਰਿਵਾਰ ਤੱਕ ਸੀਮਤ ਨਹੀਂ ਹੈ। ਜੇਕਰ ਸਮੇਂ ਸਿਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿੱਚ ਹੋਰ ਵੀ ਗੰਭੀਰ ਘਟਨਾਵਾਂ ਵਾਪਰ ਸਕਦੀਆਂ ਹਨ। ਲੋਕਾਂ ਨੇ ਛਾਉਣੀ ਬੋਰਡ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਪ੍ਰਭਾਵਸ਼ਾਲੀ ਅਤੇ ਲਗਾਤਾਰ ਮੁਹਿੰਮ ਚਲਾਈ ਜਾਵੇ।
ਉੱਧਰ ਛਾਉਣੀ ਬੋਰਡ ਦੇ ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਨੇ ਕਿਹਾ ਕਿ ਬੋਰਡ ਵੱਲੋਂ ਸਮੇਂ-ਸਮੇਂ ’ਤੇ ਆਵਾਰਾ ਕੁੱਤਿਆਂ ਨੂੰ ਫੜਨ ਲਈ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਦੀ ਨਸਬੰਦੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕਾਂ ਵੱਲੋਂ ਗਲੀਆਂ ਵਿੱਚ ਕੁੱਤਿਆਂ ਨੂੰ ਖਾਣਾ ਪਾਉਣ ਕਾਰਨ ਕਈ ਵਾਰ ਕੁੱਤੇ ਇੱਕੋ ਥਾਂ ਇਕੱਠੇ ਹੋ ਜਾਂਦੇ ਹਨ, ਜਿਸ ਨਾਲ ਲੋਕਾਂ ਲਈ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵੀ ਵੇਖਣ ਨੂੰ ਮਿਲ ਰਹੀ ਹੈ। ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਠੋਸ ਕਦਮ ਨਾ ਚੁੱਕੇ ਗਏ ਤਾਂ ਉਹ ਛਾਉਣੀ ਬੋਰਡ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖੀ ਜਾਨਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਸਿਰਫ਼ ਅਸਥਾਈ ਕਾਰਵਾਈਆਂ ਨਾਲ ਨਹੀਂ, ਸਗੋਂ ਯੋਜਨਾਬੱਧ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।