ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਵਧ ਰਹੇ ਹਨ ‘ਡਾਗ ਬਾਈਟਿੰਗ’ ਦੇ ਮਾਮਲੇ : ਰੋਹਿਤ ਅਰੋੜਾ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਵਧ ਰਹੇ ਹਨ ‘ਡਾਗ ਬਾਈਟਿੰਗ’ ਦੇ ਮਾਮਲੇ ; ਰੋਹਿਤ ਅਰੋੜਾ
Publish Date: Wed, 09 Sep 2026 07:25 PM (IST)
Updated Date: Wed, 09 Sep 2026 07:25 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਛਾਉਣੀ ਵਿਖੇ ਅਵਾਰਾ ਕੁੱਤੇ ਵੱਲੋਂ ਦੋ ਸਾਲਾ ਬੱਚੇ ਨੂੰ ਬੂਰੀ ਤਰਾਂ ਨੋਚੇ ਜਾਣ ਤੋਂ ਰੋਸ ਵਿੱਚ ਆਏ ਲੋਕਾਂ ਵੱਲੋਂ ਕੈਂਟ ਬੋਰਡ ਫਿਰੋਜ਼ਪੁਰ ਅਤੇ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਖਿਲਾਫ ਰੋਸ ਜਾਹਰ ਕੀਤਾ ਜਾ ਰਿਹਾ ਹੈ । ਇਸ ਸਬੰਧੀ ਰੋਸ ਵਿੱਚ ਆਏ ਲੋਕਾਂ ਵੱਲੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੋਕੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਕੈਂਟ ਅਤੇ ਆਸ-ਪਾਸ ਦੇ ਪਿੰਡਾਂ ਵਿਚ ਆਵਾਰਾ ਅਤੇ ਖੂੰਖਾਰ ਕੁੱਤਿਆਂ ਦੀ ਵਧਦੀ ਗਿਣਤੀ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕੋਲ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਐਡਵੋਕੇਟ ਰੋਹਿਤ ਅਰੋੜਾ, ਗੁਰਪ੍ਰੀਤ ਸਿੰਘ, ਮੰਗਾ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਲੋਕਾਂ ਨੇ ਮੰਗ ਪੱਤਰ ਵਿਚ ਕਿਹਾ ਹੈ ਕਿ ਫਿਰੋਜ਼ਪੁਰ ਸ਼ਹਿਰ, ਕੈਂਟ ਅਤੇ ਨੇੜਲੇ ਪਿੰਡਾਂ ਵਿਚ ਆਵਾਰਾ ਅਤੇ ਖੂੰਖਾਰ ਕੁੱਤਿਆਂ ਦੀ ਗਿਣਤੀ ਕਾਫ਼ੀ ਵੱਧ ਚੁੱਕੀ ਹੈ। ਇਨ੍ਹਾਂ ਕੁੱਤਿਆਂ ਵੱਲੋਂ ਸਮੇਂ-ਸਮੇਂ ’ਤੇ ਮਾਸੂਮ ਬੱਚਿਆਂ, ਔਰਤਾਂ, ਬਜ਼ੁਰਗਾਂ ਅਤੇ ਨੌਜਵਾਨਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਕਈ ਲੋਕ ਇਨ੍ਹਾਂ ਹਮਲਿਆਂ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਵੀ ਹੋ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੁੱਤਿਆਂ ਦੀ ਦਹਿਸ਼ਤ ਕਾਰਨ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਮੰਗ ਪੱਤਰ ਅਨੁਸਾਰ ਫਿਰੋਜ਼ਪੁਰ ਕੈਂਟ ਵਿਚ ਇਕ ਦੋ ਸਾਲਾ ਮਾਸੂਮ ਬੱਚੇ ’ਤੇ ਆਵਾਰਾ ਕੁੱਤਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਵਿਚ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਬੱਚੇ ਨੂੰ ਇਲਾਜ ਲਈ ਅਨਿਲ ਬਾਗੀ ਹਸਪਤਾਲ, ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ਵਿਚ ਡਰ ਅਤੇ ਰੋਸ ਹੋਰ ਵਧਾ ਦਿੱਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਫੜ ਕੇ ਸ਼ਹਿਰ, ਕੈਂਟ ਅਤੇ ਪਿੰਡਾਂ ਤੋਂ ਦੂਰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਜਾਵੇ। ਇਸ ਦੇ ਨਾਲ ਹੀ ਕੁੱਤਿਆਂ ਦੀ ਵੈਕਸੀਨੇਸ਼ਨ ਕਰਵਾਉਣ ਅਤੇ ਉਨ੍ਹਾਂ ਲਈ ਢੁੱਕਵੇਂ ਸ਼ੈਲਟਰ ਹੋਮ ਬਣਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਭਰੋਸਾ ਦੁਆਇਆ ਕਿ ਅਵਾਰਾ ਕੁੱਤਿਆਂ ਨੂੰ ਸਾਂਭਣ ਲਈ ਡਾਗ ਸ਼ੈਲਟਰ ਹੋਮ ਦਾ ਕੰਮ ਚੱਲ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦੇ ਅੰਦਰ ਸਾਰਾ ਕੰਮ ਮੁਕੰਮਲ ਹੋ ਜਾਵੇਗਾ। ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਸੰਜੀਦਾ ਨਹੀਂ ਅਧਿਕਾਰੀ ਮੰਗ ਪੱਤਰ ਦੇਣ ਸਮੇਂ ਸ਼ਹਿਰ ਵਾਸੀਆਂ ਨੇ ਦੋਸ਼ ਲਗਾਇਆ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਸਬੰਧੀ ਪਹਿਲਾਂ ਵੀ ਕਈ ਸੰਸਥਾਵਾਂ ਵੱਲੋਂ ਆਵਾਜ਼ ਉਠਾਈ ਜਾ ਚੁੱਕੀ ਹੈ ਅਤੇ ਪ੍ਰਸ਼ਾਸਨ ਕੋਲ ਮੰਗਾਂ ਰੱਖੀਆਂ ਗਈਆਂ ਹਨ। ਇਸ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਾ ਹੋਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ। ਲੋਕਾਂ ਨੇ ਮੰਗ ਕੀਤੀ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁੱਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਅਵਾਰਾ ਕੁੱਤਿਆਂ ਦੇ ਹੱਲ ਲਈ ਢੁੱਕਵੇਂ ਕਦਮ ਪੁੱਟੇ ਜਾਣ। ਪਾਲਤੂ ਕੁੱਤਿਆਂ ਦੇ ਮਾਲਕਾਂ ਦੀ ਹੋਵੇ ਰਜਿਸਟ੍ਰੇਸ਼ਨ ਲੋਕਾਂ ਨੇ ਮੰਗ ਕੀਤੀ ਕਿ ਪਾਲਤੂ ਕੁੱਤੇ ਰੱਖਣ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਪਾਲਤੂ ਕੁੱਤਿਆਂ ਦੇ ਮਾਲਕਾਂ ਦੀ ਵੈਰੀਫਿਕੇਸ਼ਨ ਕਰਕੇ ਉਨ੍ਹਾਂ ਨੂੰ ਕਾਰਡ ਜਾਰੀ ਕੀਤੇ ਜਾਣ। ਜੇਕਰ ਕਿਸੇ ਪਾਲਤੂ ਕੁੱਤੇ ਕਾਰਨ ਕਿਸੇ ਵਿਅਕਤੀ ਨੂੰ ਜਾਨੀ ਨੁਕਸਾਨ ਹੁੰਦਾ ਹੈ ਤਾਂ ਮਾਲਕ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਅਖੀਰ ਵਿਚ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਹੈ ਕਿ ਮਿਊਂਸੀਪਲ ਕਮੇਟੀ ਫਿਰੋਜ਼ਪੁਰ ਦੇ ਈ.ਓ. ਅਤੇ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਦੇ ਸੀ.ਈ.ਓ. ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ, ਤਾਂ ਜੋ ਆਵਾਰਾ ਅਤੇ ਖੂੰਖਾਰ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਅਤੇ ਸਥਾਈ ਹੱਲ ਕੀਤਾ ਜਾ ਸਕੇ।