ਤਿੰਨ ਸ਼ੁਭ ਯੋਗਾਂ ਦੇ ਮਹਾਸੰਗਮ ਨਾਲ ਰੁਸ਼ਨਾਏਗੀ ਦੀਵਾਲੀ, ਧਨਤੇਰਸ ’ਤੇ ਬਣੇਗਾ ਵਿਸ਼ੇਸ਼ ਕੁਬੇਰ ਯੋਗ ਤਿੰਨ ਸ਼ੁਭ ਯੋਗਾਂ ਦੇ ਮਹਾਸੰਗਮ ਨਾਲ ਰੁਸ਼ਨਾਏਗੀ ਦੀਵਾਲੀ, ਧਨਤੇਰਸ ’ਤੇ ਬਣੇਗਾ ਵਿਸ਼ੇਸ਼ ਕੁਬੇਰ ਯੋਗ
Publish Date: Thu, 05 Nov 2026 03:38 PM (IST)
Updated Date: Fri, 06 Nov 2026 04:02 AM (IST)
ਤਿੰਨ ਸ਼ੁਭ ਯੋਗਾਂ ਦੇ ਮਹਾਸੰਗਮ ਨਾਲ ਰੁਸ਼ਨਾਏਗੀ ਦੀਵਾਲੀ, ਧਨਤੇਰਸ ’ਤੇ ਬਣੇਗਾ ਵਿਸ਼ੇਸ਼ ਕੁਬੇਰ ਯੋਗ 6 ਨਵੰਬਰ ਤੋਂ ਆਰੰਭ ਹੋਵੇਗਾ ਛੇ ਰੋਜ਼ਾ ਦੀਪ ਉਤਸਵ, 8 ਨਵੰਬਰ ਨੂੰ ਆਯੁਸ਼ਮਾਨ, ਬੁੱਧਾਦਿੱਤ ਰਾਜਯੋਗ ਤੇ ਲਕਸ਼ਮੀ ਨਾਰਾਇਣ ਯੋਗ ਦੇ ਸੁਮੇਲ ਵਿੱਚ ਹੋਵੇਗੀ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਇਸ ਵਰ੍ਹੇ ਦੀਵਾਲੀ ਦਾ ਪਾਵਨ ਤਿਉਹਾਰ ਤਿੰਨ ਵਿਸ਼ੇਸ਼ ਸ਼ੁਭ ਯੋਗਾਂ ਦੇ ਸੁਮੇਲ ਕਾਰਨ ਧਾਰਮਿਕ ਪੱਖੋਂ ਵਿਸ਼ੇਸ਼ ਮਹੱਤਵ ਰੱਖੇਗਾ। ਇਸ ਦੇ ਨਾਲ ਹੀ ਧਨਤੇਰਸ ਮੌਕੇ ਕੁਬੇਰ ਯੋਗ ਦਾ ਸੰਯੋਗ ਵੀ ਬਣ ਰਿਹਾ ਹੈ। ਆਚਾਰੀਆ ਪੰਡਿਤ ਸੰਦੀਪ ਪ੍ਰਭਾਕਰ ਅਤੇ ਪੰਡਿਤ ਕਰਨ ਸ਼ਰਮਾ ਮਹਿਤਪੁਰ ਅਨੁਸਾਰ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਛੇ ਰੋਜ਼ਾ ਦੀਪ ਉਤਸਵ 6 ਨਵੰਬਰ ਤੋਂ ਆਰੰਭ ਹੋਵੇਗਾ। 8 ਨਵੰਬਰ ਨੂੰ ਆਯੁਸ਼ਮਾਨ ਯੋਗ, ਬੁੱਧਾਦਿੱਤ ਰਾਜਯੋਗ ਅਤੇ ਲਕਸ਼ਮੀ ਨਾਰਾਇਣ ਯੋਗ ਦੇ ਪਾਵਨ ਸੁਮੇਲ ਵਿੱਚ ਦੀਵਾਲੀ ਦਾ ਮਹਾਪੁਰਬ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਾਰਤਿਕ ਮਹੀਨੇ ਦਾ ਧਾਰਮਿਕ ਪੱਖੋਂ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਦੇ ਕ੍ਰਿਸ਼ਨ ਪੱਖ ਦੌਰਾਨ ਕਰਵਾ ਚੌਥ, ਰਮਾ ਇਕਾਦਸ਼ੀ, ਗੋਵਤਸ ਦੁਆਦਸ਼ੀ, ਧਨਤੇਰਸ, ਧਨਵੰਤਰੀ ਜੈਅੰਤੀ, ਨਰਕ ਚਤੁਰਦਸ਼ੀ ਅਤੇ ਦੀਵਾਲੀ ਦੇ ਤਿਉਹਾਰ ਮਨਾਏ ਜਾਂਦੇ ਹਨ। ਇਸੇ ਤਰ੍ਹਾਂ ਸ਼ੁਕਲ ਪੱਖ ਵਿੱਚ ਅੰਨਕੂਟ, ਭਾਈ ਦੂਜ, ਸੌਭਾਗਿਆ ਪੰਚਮੀ, ਸੂਰਜ ਛੱਠ, ਗੋਪਾਸ਼ਟਮੀ, ਆਂਵਲਾ ਨੌਮੀ, ਦੇਵਉਠਨੀ ਇਕਾਦਸ਼ੀ, ਵੈਕੁੰਠ ਚਤੁਰਦਸ਼ੀ ਅਤੇ ਕਾਰਤਿਕ ਪੂਰਨਿਮਾ ਦੇ ਪਾਵਨ ਦਿਹਾੜੇ ਆਉਂਦੇ ਹਨ। 7 ਨਵੰਬਰ ਨੂੰ ਯਮ ਦੀਪਦਾਨ, 8 ਨੂੰ ਨਰਕ ਚਤੁਰਦਸ਼ੀ ਧਾਰਮਿਕ ਗਣਨਾ ਅਨੁਸਾਰ ਚਤੁਰਦਸ਼ੀ ਤਿਥੀ 7 ਨਵੰਬਰ ਨੂੰ ਸਵੇਰੇ 10 ਵੱਜ ਕੇ 48 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 8 ਨਵੰਬਰ ਨੂੰ ਸਵੇਰੇ 11 ਵੱਜ ਕੇ 28 ਮਿੰਟ ਤੱਕ ਰਹੇਗੀ। ਪ੍ਰਦੋਸ਼ ਕਾਲ ਦੇ ਸੰਯੋਗ ਕਾਰਨ 7 ਨਵੰਬਰ ਦੀ ਸ਼ਾਮ ਨੂੰ ਯਮਰਾਜ ਦੇ ਨਮਿੱਤ ਦੀਪਦਾਨ ਕੀਤਾ ਜਾਵੇਗਾ। ਇਸੇ ਰਾਤ ਕਾਲੀ ਚਤੁਰਦਸ਼ੀ ਅਤੇ ਹਨੂੰਮਾਨ ਪੂਜਾ ਦਾ ਵਿਸ਼ੇਸ਼ ਵਿਧਾਨ ਰਹੇਗਾ। ਸੂਰਜ ਚੜ੍ਹਨ ਦੀਆਂ ਤਿਥੀਆਂ ਦੀ ਗਣਨਾ ਅਨੁਸਾਰ 8 ਨਵੰਬਰ ਨੂੰ ਨਰਕ ਚਤੁਰਦਸ਼ੀ ਅਤੇ ਰੂਪ ਚੌਦਸ ਦਾ ਅਭਯੰਗ ਇਸ਼ਨਾਨ ਕੀਤਾ ਜਾਵੇਗਾ। 8 ਨਵੰਬਰ ਨੂੰ ਮਹਾਂਲਕਸ਼ਮੀ ਪੂਜਾ ਦਾ ਵਿਸ਼ੇਸ਼ ਮਹੂਰਤ ਅਮਾਵਸਿਆ ਤਿਥੀ 8 ਨਵੰਬਰ ਨੂੰ ਸਵੇਰੇ 11 ਵੱਜ ਕੇ 28 ਮਿੰਟ ’ਤੇ ਆਰੰਭ ਹੋਵੇਗੀ ਅਤੇ 9 ਨਵੰਬਰ ਨੂੰ ਦੁਪਹਿਰ 12 ਵੱਜ ਕੇ 32 ਮਿੰਟ ਤੱਕ ਰਹੇਗੀ। ਪ੍ਰਦੋਸ਼ ਵੇਲੇ ਅਤੇ ਮਹਾਨਿਸ਼ੀਥ ਕਾਲ ਦੇ ਸ਼ੁਭ ਸੰਯੋਗ ਕਾਰਨ ਮੁੱਖ ਦੀਵਾਲੀ 8 ਨਵੰਬਰ ਨੂੰ ਮਨਾਈ ਜਾਵੇਗੀ। ਇਸ ਦਿਨ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਲਈ ਸ਼ਾਮ 5 ਵੱਜ ਕੇ 54 ਮਿੰਟ ਤੋਂ 7 ਵੱਜ ਕੇ 50 ਮਿੰਟ ਤੱਕ ਦਾ ਸਮਾਂ ਸ਼ੁਭ ਰਹੇਗਾ। ਇਸ ਸਮੇਂ ਦੌਰਾਨ ਪ੍ਰਦੋਸ਼ ਕਾਲ ਅਤੇ ਬ੍ਰਿਸ਼ਭ ਲਗਨ ਦਾ ਵਿਸ਼ੇਸ਼ ਸੰਯੋਗ ਬਣੇਗਾ। ਸ਼ਰਧਾਲੂ ਇਸ ਪਾਵਨ ਮੌਕੇ ਆਪਣੇ ਘਰਾਂ ਵਿੱਚ ਦੀਪਮਾਲਾ ਕਰਕੇ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਨਗੇ। 6 ਨਵੰਬਰ ਨੂੰ ਧਨਤੇਰਸ, ਧਨਵੰਤਰੀ ਅਤੇ ਕੁਬੇਰ ਦੀ ਹੋਵੇਗੀ ਅਰਾਧਨਾ ਤ੍ਰਯੋਦਸ਼ੀ ਤਿਥੀ 6 ਨਵੰਬਰ ਨੂੰ ਸਵੇਰੇ 10 ਵੱਜ ਕੇ 31 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 7 ਨਵੰਬਰ ਨੂੰ ਸਵੇਰੇ 10 ਵੱਜ ਕੇ 48 ਮਿੰਟ ਤੱਕ ਰਹੇਗੀ। ਪ੍ਰਦੋਸ਼ ਕਾਲ ਵਿੱਚ ਤ੍ਰਯੋਦਸ਼ੀ ਤਿਥੀ ਹੋਣ ਕਾਰਨ 6 ਨਵੰਬਰ ਨੂੰ ਧਨਤੇਰਸ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਭਗਵਾਨ ਧਨਵੰਤਰੀ, ਦੇਵੀ ਲਕਸ਼ਮੀ ਅਤੇ ਧਨ ਦੇ ਦੇਵਤਾ ਕੁਬੇਰ ਦੀ ਪੂਜਾ ਕਰਨ ਦੀ ਪਰੰਪਰਾ ਹੈ। ਜੋਤਿਸ਼ ਮਾਨਤਾਵਾਂ ਅਨੁਸਾਰ ਸ਼ੁੱਕਰਵਾਰ ਦਾ ਸਬੰਧ ਦੇਵੀ ਲਕਸ਼ਮੀ ਅਤੇ ਸ਼ੁੱਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਸ਼ੁੱਕਰ ਨੂੰ ਭੌਤਿਕ ਸੁੱਖ-ਸਹੂਲਤਾਂ, ਵਾਹਨਾਂ ਤੇ ਐਸ਼ੋ-ਆਰਾਮ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਦਕਿ ਕੁਬੇਰ ਨੂੰ ਧਨ-ਸੰਪਤੀ ਦਾ ਅਧਿਪਤੀ ਮੰਨਿਆ ਗਿਆ ਹੈ। ਇਨ੍ਹਾਂ ਸ਼ੁਭ ਸੰਕੇਤਾਂ ਦੇ ਸੁਮੇਲ ਨੂੰ ਕੁਬੇਰ ਯੋਗ ਵਜੋਂ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਧਨਤੇਰਸ ’ਤੇ ਸੋਨਾ-ਚਾਂਦੀ ਦੇ ਨਾਲ ਧਨੀਆ ਖਰੀਦਣਾ ਵੀ ਸ਼ੁਭ ਧਨਤੇਰਸ ਵਾਲੇ ਦਿਨ ਸੋਨਾ, ਚਾਂਦੀ ਅਤੇ ਨਵੇਂ ਭਾਂਡੇ ਖਰੀਦਣ ਦੀ ਸਦੀਆਂ ਪੁਰਾਣੀ ਪਰੰਪਰਾ ਰਹੀ ਹੈ। ਇਸ ਤੋਂ ਇਲਾਵਾ ਧਨੀਆ ਖਰੀਦਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਧਨਤੇਰਸ ਮੌਕੇ ਦੇਵੀ ਲਕਸ਼ਮੀ ਦੇ ਚਰਨਾਂ ਵਿੱਚ ਧਨੀਆ ਅਰਪਿਤ ਕਰਨ ਨਾਲ ਘਰ ਵਿੱਚ ਧਨ-ਸੰਪਤੀ, ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦਾ ਵਾਸ ਹੁੰਦਾ ਹੈ। ਇਸ ਤਰ੍ਹਾਂ ਧਨਤੇਰਸ ਤੋਂ ਸ਼ੁਰੂ ਹੋਣ ਵਾਲਾ ਦੀਪ ਉਤਸਵ ਧਾਰਮਿਕ ਆਸਥਾ, ਪਰਿਵਾਰਕ ਸਾਂਝ ਅਤੇ ਰੌਸ਼ਨੀਆਂ ਦੇ ਸੁੰਦਰ ਸੰਦੇਸ਼ ਨਾਲ ਅੱਗੇ ਵਧੇਗਾ। 10 ਨਵੰਬਰ ਨੂੰ ਗੋਵਰਧਨ ਪੂਜਾ, 11 ਨੂੰ ਭਾਈ ਦੂਜ ਦੀਵਾਲੀ ਤੋਂ ਬਾਅਦ 10 ਨਵੰਬਰ ਨੂੰ ਗੋਵਰਧਨ ਪੂਜਾ ਅਤੇ ਅੰਨਕੂਟ ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਪ੍ਰਤੀਪਦਾ ਤਿਥੀ ਸੂਰਜ ਚੜ੍ਹਨ ਤੋਂ ਦੁਪਹਿਰ 2 ਵੱਜ ਕੇ 1 ਮਿੰਟ ਤੱਕ ਰਹੇਗੀ। ਸ਼ਰਧਾਲੂ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਛੱਤੀ ਪ੍ਰਕਾਰ ਦੇ ਪਕਵਾਨਾਂ ਦਾ ਭੋਗ ਲਗਾਉਣਗੇ ਅਤੇ ਗੋਵਰਧਨ ਪਰਬਤ ਦੇ ਨਾਲ ਗਊ ਮਾਤਾ ਦੀ ਪੂਜਾ ਕਰਨਗੇ। ਇਸੇ ਤਰ੍ਹਾਂ 11 ਨਵੰਬਰ ਨੂੰ ਭਾਈ ਦੂਜ ਅਤੇ ਯਮ ਦੁਆਦਸ਼ੀ ਦਾ ਪਾਵਨ ਤਿਉਹਾਰ ਮਨਾਇਆ ਜਾਵੇਗਾ। ਇਸ ਦਿਨ ਦੁਆਦਸ਼ੀ ਤਿਥੀ ਸਵੇਰ ਤੋਂ ਦੁਪਹਿਰ 3 ਵੱਜ ਕੇ 54 ਮਿੰਟ ਤੱਕ ਰਹੇਗੀ। ਭੈਣਾਂ ਆਪਣੇ ਭਰਾਵਾਂ ਦੇ ਮੱਥੇ ’ਤੇ ਤਿਲਕ ਲਗਾ ਕੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਸੁਖੀ ਜੀਵਨ ਦੀ ਕਾਮਨਾ ਕਰਨਗੀਆਂ। ਇਸ ਦਿਨ ਸਵੇਰੇ 6 ਵੱਜ ਕੇ 40 ਮਿੰਟ ਤੋਂ 11 ਵੱਜ ਕੇ 37 ਮਿੰਟ ਤੱਕ ਅੰਮ੍ਰਿਤ ਸਿੱਧੀ ਅਤੇ ਸਰਵਾਰਥ ਸਿੱਧੀ ਯੋਗ ਵੀ ਰਹੇਗਾ।