- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਾਂ ਪੂਰੀਆਂ ਨਾ ਹੋਣ ’ਤੇ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਿਚ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ (ਪੀ.ਡੀ.ਐੱਸ.ਏ.) ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮੁੱਖ ਖੇਤੀਬਾੜੀ ਦਫ਼ਤਰਾਂ ਅੱਗੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੀ.ਡੀ.ਐੱਸ.ਏ. ਫ਼ਿਰੋਜ਼ਪੁਰ ਦੇ ਪ੍ਰਧਾਨ ਡਾਕਟਰ ਗੁਰਵੰਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਉੱਚ ਅਧਿਕਾਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਿਚ ਟੈਕਨੀਕਲ ਪੋਸਟਾਂ ਦੇ ਹੋ ਰਹੇ ਨੁਕਸਾਨ ਨਾਲ ਪੰਜਾਬ ਦੀ ਖੇਤੀਬਾੜੀ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਅੱਜ ਖੇਤੀਬਾੜੀ ਵਿਭਾਗ ਵਿਚ ਲਗਭਗ 100 ਖੇਤੀਬਾੜੀ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। 7 ਸਾਲ ਦੀ ਥਾਂ 14 ਸਾਲ ਬੀਤ ਜਾਣ ਦੇ ਬਾਵਜੂਦ ਖੇਤੀਬਾੜੀ ਵਿਕਾਸ ਅਫ਼ਸਰ ਆਪਣੀ ਪਹਿਲੀ ਤਰੱਕੀ ਦਾ ਰਾਹ ਤੱਕ ਰਹੇ ਹਨ। ਸਰਕਾਰ ਵੱਲੋਂ ਪੱਕੀ ਤਰੱਕੀ ਕਰਨ ਦੀ ਵਜਾਏ ਲਿੰਕ ਚਾਰਜ ਪਾਲਸੀ ਰਾਹੀਂ ਵੱਖ-ਵੱਖ ਪੋਸਟਾਂ ਦਾ ਵਾਧੂ ਚਾਰਜ ਦੇ ਕੇ ਡੰਗ ਸਾਰਿਆ ਜਾ ਰਿਹਾ ਹੈ। ਨਵੀਂ ਭਰਤੀ ਨਾ ਕਰਕੇ ਸਰਕਾਰ ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖੇਤੀਬਾੜੀ ਅਫ਼ਸਰਾਂ ਦੀ ਵੈਟਰਨਰੀ ਅਫ਼ਸਰਾਂ ਨਾਲ 1986 ਤੋਂ ਚੱਲੀ ਆਉਂਦੀ ਪੇ-ਪੈਰਿਟੀ ਨੂੰ 4 ਮਾਰਚ 2022 ਦੇ ਪੱਤਰ ਰਾਹੀਂ ਜਾਣਬੁੱਝ ਕੇ ਤੋੜਿਆ ਗਿਆ ਹੈ। ਇਸ ਤੋਂ ਇਲਾਵਾ ਟੈਕਨੀਕਲ ਕੇਡਰ ਦੇ 5 ਸੰਯੁਕਤ ਡਾਇਰੈਕਟਰ ਹੋਣ ਦੇ ਬਾਵਜੂਦ ਅੰਕੜਾ ਵਿੰਗ ਦੇ ਅਧਿਕਾਰੀ ਨੂੰ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਦਾ ਚਾਰਜ ਦੇ ਕੇ ਖੇਤੀਬਾੜੀ ਅਧਿਕਾਰੀਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਗਿਆ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਹੈੱਡਕੁਆਰਟਰ ’ਤੇ ਧਰਨੇ ਲਗਾਏ ਜਾਣਗੇ। ਇਸ ਧਰਨੇ ਵਿੱਚ ਡਾਕਟਰ ਮਨਿੰਦਰ ਸਿੰਘ, ਡਾਕਟਰ ਨਵੀਨ ਖੰਨਾ, ਡਾਕਟਰ ਬਚਿੱਤਰ ਸਿੰਘ, ਡਾਕਟਰ ਅਮਨਦੀਪ ਸਿੰਘ ਸੰਧੂ, ਡਾਕਟਰ ਅਮਿਤ ਬਜਾਜ, ਡਾਕਟਰ ਰਵਿੰਦਰ ਸਿੰਘ, ਡਾਕਟਰ ਲਵਪ੍ਰੀਤ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਅਮਨਦੀਪ ਸਿੰਘ ਕੰਬੋਜ ਅਤੇ ਡਾਕਟਰ ਦਿਲਪ੍ਰੀਤ ਸਿੰਘ ਸਮੇਤ ਸਮੂਹ ਖੇਤੀਬਾੜੀ ਵਿਕਾਸ ਅਫ਼ਸਰ ਹਾਜ਼ਰ ਸਨ।