ਵੱਖ-ਵੱਖ ਖੇਡਾਂ ’ਚ ਖਿਡਾਰੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ
Publish Date: Thu, 01 Oct 2026 08:02 PM (IST)
Updated Date: Fri, 02 Oct 2026 04:11 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਸਰਕਾਰ ਦੇ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਅੱਜ ਦੂਜੇ ਦਿਨ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਲੜਕਿਆਂ/ਪੁਰਸ਼ਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਅਥਲੈਟਿਕਸ, ਬਾਸਕਿਟਬਾਲ ਅਤੇ ਬਾਕਸਿੰਗ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਇੰਡੋਰ ਹਾਲ, ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ। ਇਸੇ ਤਰ੍ਹਾਂ ਰੋਲਰ ਸਕੇਟਿੰਗ, ਸ਼ੂਟਿੰਗ, ਚੈੱਸ ਅਤੇ ਫੈਂਸਿੰਗ ਦੇ ਮੁਕਾਬਲੇ ਦਾਸ ਐਂਡ ਬਰਾਊਨ ਵਰਲਡ ਸਕੂਲ ਫਿਰੋਜ਼ਪੁਰ ਵਿਖੇ ਹੋਏ। ਫੁੱਟਬਾਲ, ਗਤਕਾ, ਜੂਡੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋ-ਖੋ, ਕਿੱਕ ਬਾਕਸਿੰਗ, ਨੈਟਬਾਲ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ) ਅਤੇ ਕੁਸ਼ਤੀ ਦੇ ਮੁਕਾਬਲੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਕਰਵਾਏ ਗਏ। ਇਸ ਤੋਂ ਇਲਾਵਾ ਸਾਫਟਬਾਲ ਦੇ ਮੁਕਾਬਲੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾਸਾ, ਤੈਰਾਕੀ ਦੇ ਮੁਕਾਬਲੇ ਜ਼ਿਲ੍ਹਾ ਪ੍ਰੀਸ਼ਦ ਸਵੀਮਿੰਗ ਪੂਲ ਫਿਰੋਜ਼ਪੁਰ, ਹੈਂਡਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ, ਹਾਕੀ ਦੇ ਮੁਕਾਬਲੇ ਹਾਕੀ ਐਸਟ੍ਰੋਟਰਫ਼, ਸ਼ਹੀਦ ਭਗਤ ਸਿੰਘ ਸਟੇਡੀਅਮ ਅਤੇ ਟੈਨਿਸ ਬਾਲ ਕ੍ਰਿਕਟ ਡੈਮੋਨਸਟ੍ਰੇਸ਼ਨ ਈਵੈਂਟ ਦੇ ਮੁਕਾਬਲੇ ਐਮ.ਐਲ.ਐਮ. ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਕਰਵਾਏ ਗਏ। ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ਼੍ਰੀ ਨਰੇਸ਼ ਕਟਾਰੀਆ, ਐਮ.ਐਲ.ਏ. ਜ਼ੀਰਾ ਨੇ ਮੁੱਖ ਮਹਿਮਾਨ ਅਤੇ ਸ਼੍ਰੀ ਸੁਨੀਲ ਕੁਮਾਰ (ਰਿਟਾਇਰਡ), ਡੀ.ਐਸ.ਓ. ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਗੁਰਦੀਪ ਸਿੰਘ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੌਰਾਨ ਫੁੱਟਬਾਲ ਵਿੱਚ ਅੰਡਰ-14 ਵਰਗ ਵਿੱਚ ਫਿਰੋਜ਼ਪੁਰ ਨੇ ਪਹਿਲਾ, ਜ਼ੀਰਾ ਨੇ ਦੂਜਾ ਅਤੇ ਸ਼ਕੂਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਿੱਚ ਜ਼ੀਰਾ ਨੇ ਪਹਿਲਾ, ਮੁੱਦਕੀ ਨੇ ਦੂਜਾ ਅਤੇ ਫਿਰੋਜ਼ਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਵਿੱਚ ਫਿਰੋਜ਼ਪੁਰ ਨੇ ਪਹਿਲਾ, ਸ਼ਕੂਰ ਨੇ ਦੂਜਾ ਅਤੇ ਜ਼ੀਰਾ ਨੇ ਤੀਜਾ ਸਥਾਨ ਹਾਸਲ ਕੀਤਾ।ਅਥਲੈਟਿਕਸ ਦੀ 800 ਮੀਟਰ ਦੌੜ ਦੇ ਅੰਡਰ-17 ਵਰਗ ਵਿੱਚ ਸੁਖਕਰਨ ਸਿੰਘ ਨੇ ਪਹਿਲਾ ਅਤੇ ਸਾਜਨ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-21 ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾ ਅਤੇ ਆਰੀਅਨ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-21-30 ਵਰਗ ਵਿੱਚ ਸਾਜਨ ਸਿੰਘ ਨੇ ਪਹਿਲਾ ਅਤੇ ਰੋਹਿਤ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੈਮਰ ਥਰੋ ਦੇ ਅੰਡਰ-21 ਵਰਗ ਵਿੱਚ ਬਲਰਾਮ ਸਿੰਘ ਨੇ ਪਹਿਲਾ ਅਤੇ ਮਨਵੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।ਹੈਂਡਬਾਲ ਦੇ ਅੰਡਰ-21 ਵਰਗ ਵਿੱਚ ਐਸ.ਬੀ.ਐਸ. ਕੋਚਿੰਗ ਸੈਂਟਰ ਨੇ ਪਹਿਲਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਨੇ ਦੂਜਾ ਸਥਾਨ ਹਾਸਲ ਕੀਤਾ।ਕਬੱਡੀ ਨੈਸ਼ਨਲ ਸਟਾਈਲ ਦੇ ਅੰਡਰ-21 ਵਰਗ ਵਿੱਚ ਗੱਟੀ ਰਾਜੋ ਕੀ ਨੇ ਪਹਿਲਾ, ਮੋਹਨ ਕੇ ਹਿਠਾੜ ਨੇ ਦੂਜਾ ਅਤੇ ਬਹਿਕ ਗੁੱਜਰਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21-30 ਵਰਗ ਵਿੱਚ ਮੇਘਾ ਰਾਏ ਨੇ ਪਹਿਲਾ ਅਤੇ ਲੱਖੋ ਕੇ ਬਹਿਰਾਮ ਨੇ ਦੂਜਾ ਸਥਾਨ ਹਾਸਲ ਕੀਤਾ।