‘ਐਨਰਜੀ ਲਾਕਡਾਊਨ’ ਦੀਆਂ ਚਰਚਾਵਾਂ ਨਾਲ ਲੋਕਾਂ ’ਚ ਡਰ ਦਾ ਮਾਹੌਲ
‘ਐਨਰਜੀ ਲਾਕਡਾਊਨ’ ਦੀਆਂ ਚਰਚਾਵਾਂ ਨਾਲ ਲੋਕਾਂ ਵਿਚ ਡਰ ਦਾ ਮਾਹੌਲ
Publish Date: Sun, 29 Mar 2026 03:31 PM (IST)
Updated Date: Sun, 29 Mar 2026 03:33 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਇਜਰਾਇਲ, ਅਮਰੀਕਾ ਅਤੇ ਈਰਾਨ ਵਿਚਕਾਰ ਬਣੇ ਤਣਾਅਭਰੇ ਹਾਲਾਤਾਂ ਨੇ ਵਿਸ਼ਵ ਪੱਧਰ ’ਤੇ ਊਰਜਾ ਸਪਲਾਈ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸਦਾ ਸਿੱਧਾ ਅਸਰ ਭਾਰਤ ਸਮੇਤ ਕਈ ਦੇਸ਼ਾਂ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ। ਪੈਟਰੋਲ, ਡੀਜ਼ਲ, ਐਲਪੀਜੀ ਅਤੇ ਸੀਐਨਜੀ ਦੀ ਸੰਭਾਵਿਤ ਘਾਟ ਦੀਆਂ ਚਰਚਾਵਾਂ ਨੇ ਆਮ ਲੋਕਾਂ ਦੀ ਚਿੰਤਾ ਨੂੰ ਕਾਫ਼ੀ ਵਧਾ ਦਿੱਤਾ ਹੈ। ਇਸ ਦਰਮਿਆਨ ‘ਐਨਰਜੀ ਲਾਕਡਾਊਨ’ ਵਰਗੇ ਕੜੇ ਕਦਮਾਂ ਦੀ ਸੰਭਾਵਨਾ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਸ ਸਬੰਧ ਵਿਚ ‘‘ਪੰਜਾਬੀ ਜਾਗਰਣ’’ ਨਾਲ ਵਿਚਾਰ ਚਰਚਾ ਕਰਦਿਆਂ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਥਿੰਦ, ਸੇਵਾ ਮੁਕਤ ਹੈਡ ਮਾਸਟਰ ਜਗਦੇਵ ਸ਼ਰਮਾ, ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ, ਸਾਹਿਤਕਾਰ ਅਤੇ ਪ੍ਰਸਿੱਧ ਲੇਖਕ ਗੁਰਚਰਨ ਨੂਰਪੁਰ ਅਨੁਸਾਰ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਸਭ ਤੋਂ ਪਹਿਲਾਂ ਆਵਾਜਾਈ ਪ੍ਰਣਾਲੀ ਪ੍ਰਭਾਵਿਤ ਹੋਵੇਗੀ। ਨਿੱਜੀ ਵਾਹਨਾਂ ਦੀ ਵਰਤੋਂ ਤੇ ਪਾਬੰਦੀਆਂ ਲੱਗ ਸਕਦੀਆਂ ਹਨ ਅਤੇ ਇੰਧਨ ਦੀ ਸਪਲਾਈ ਸਿਰਫ ਜ਼ਰੂਰੀ ਸੇਵਾਵਾਂ ਤੱਕ ਸੀਮਿਤ ਕੀਤੀ ਜਾ ਸਕਦੀ ਹੈ। ਇਸ ਨਾਲ ਲੋਕਾਂ ਦੀ ਰੋਜ਼ਮਰਾ ਜ਼ਿੰਦਗੀ ਵਿੱਚ ਵੱਡੀਆਂ ਰੁਕਾਵਟਾਂ ਪੈਣ ਦੀ ਸੰਭਾਵਨਾ ਹੈ। ਉਦਯੋਗਿਕ ਖੇਤਰ ਵੀ ਇਸ ਸੰਕਟ ਤੋਂ ਅਛੂਤਾ ਨਹੀਂ ਰਹੇਗਾ। ਗੈਰ-ਜ਼ਰੂਰੀ ਫੈਕਟਰੀਆਂ ਨੂੰ ਅਸਥਾਈ ਤੌਰ ’ਤੇ ਬੰਦ ਕੀਤਾ ਜਾ ਸਕਦਾ ਹੈ, ਜਿਸ ਨਾਲ ਉਤਪਾਦਨ ਘਟੇਗਾ ਅਤੇ ਰੁਜ਼ਗਾਰ ਤੇ ਵੀ ਨਕਾਰਾਤਮਕ ਅਸਰ ਪਵੇਗਾ। ਬਾਜ਼ਾਰਾਂ ਅਤੇ ਮਾਲਾਂ ਦੇ ਸਮੇਂ ਵਿੱਚ ਕਟੌਤੀ ਹੋ ਸਕਦੀ ਹੈ ਅਤੇ ਲੋਕਾਂ ਨੂੰ ਸਿਰਫ ਜ਼ਰੂਰੀ ਖਰੀਦਦਾਰੀ ਲਈ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬਿਜਲੀ ਦੀ ਖਪਤ ਤੇ ਕੰਟਰੋਲ ਕਰਨ ਲਈ ਵੀ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਗੈਰ-ਜ਼ਰੂਰੀ ਬਿਜਲੀ ਵਰਤੋਂ ’ਤੇ ਰੋਕ ਅਤੇ ਬਿਜਲੀ ਕੱਟਾਂ ਵਿੱਚ ਵਾਧਾ ਘਰੇਲੂ ਅਤੇ ਵਪਾਰਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿੱਖਿਆ ਅਤੇ ਦਫਤਰੀ ਕੰਮਕਾਜ ਵਿਚ ਵੀ ਤਬਦੀਲੀਆਂ ਆ ਸਕਦੀਆਂ ਹਨ ਸਕੂਲਾਂ ਨੂੰ ਆਨਲਾਈਨ ਮੋਡ ਵੱਲ ਮੋੜਿਆ ਜਾ ਸਕਦਾ ਹੈ ਜਦਕਿ ਦਫਤਰਾਂ ਵਿੱਚ ਵਰਕ ਫ੍ਰਾਮ ਹੋਮ ਨੂੰ ਤਰਜੀਹ ਮਿਲ ਸਕਦੀ ਹੈ। ਹਾਲਾਂਕਿ, ਹਸਪਤਾਲਾਂ, ਐਮਰਜੈਂਸੀ ਸੇਵਾਵਾਂ ਅਤੇ ਖਾਦ ਸਪਲਾਈ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਸੁਰੱਖਿਆ ਬਲਾਂ ਦੀ ਭੂਮਿਕਾ ਵੀ ਨਿਰਣਾਇਕ ਰਹੇਗੀ। ਸਥਾਨਕ ਵਸਨੀਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਭਾਵਿਤ ਊਰਜਾ ਸੰਕਟ ਨਾਲ ਨਜਿੱਠਣ ਲਈ ਪਹਿਲਾਂ ਹੀ ਪੂਰੀ ਯੋਜਨਾਬੰਦੀ ਕੀਤੀ ਜਾਵੇ। ਨਾਲ ਹੀ ਲੋਕਾਂ ਨੂੰ ਵੀ ਇੰਧਨ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਲੋੜ ਹੈ। ਕੁੱਲ ਮਿਲਾ ਕੇ, ਮੌਜੂਦਾ ਹਾਲਾਤ ਸਾਫ਼ ਸੰਕੇਤ ਦੇ ਰਹੇ ਹਨ ਕਿ ਆਉਣ ਵਾਲਾ ਸਮਾਂ ਊਰਜਾ ਸੰਭਾਲ ਅਤੇ ਸੁਚੱਜੀ ਯੋਜਨਾਬੰਦੀ ਦੀ ਕਸੌਟੀ ਹੋਵੇਗਾ ਅਤੇ ਜੇ ਤਿਆਰੀ ਨਾ ਹੋਈ ਤਾਂ ਇਹ ਸੰਕਟ ਆਮ ਜ਼ਿੰਦਗੀ ਨੂੰ ਡਗਮਗਾ ਸਕਦਾ ਹੈ।