- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੀ ਭਾਸ਼ਾ ਦੀ ਵਰਤਮਾਨ ਸਥਿਤੀ, ਇਤਿਹਾਸ ਤੇ ਭਵਿੱਖ ’ਤੇ ਹੋਈ ਵਿਚਾਰ-ਚਰਚਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਰਕਾਰੀ ਕਾਲਜ ਜ਼ੀਰਾ ਦੇ ਹਿੰਦੀ ਵਿਭਾਗ ਵੱਲੋਂ ਦੇਸ਼ ਪੱਧਰ ’ਤੇ ਮਨਾਏ ਜਾਣ ਵਾਲੇ ਹਿੰਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸੰਗੋਸ਼ਠੀ ਕਰਵਾਈ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਹਿੰਦੀ ਭਾਸ਼ਾ ਦੇ ਮਹੱਤਵ, ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਹੋਰ ਭਾਸ਼ਾਵਾਂ ਨਾਲ ਇਸ ਦੇ ਸਬੰਧਾਂ ਸਬੰਧੀ ਆਪਣੇ ਵਿਚਾਰ ਅਤੇ ਰਚਨਾਵਾਂ ਪੇਸ਼ ਕਰਦਿਆਂ ਭਾਸ਼ਾਈ ਵਿਭਿੰਨਤਾ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸੰਗੋਸ਼ਠੀ ਦੇ ਮੁੱਖ ਆਯੋਜਕ ਹਿੰਦੀ ਵਿਭਾਗ ਦੇ ਪ੍ਰੋਫੈਸਰ ਪੂਜਾ ਮੌਰਿਆ ਨੇ ਮੌਜੂਦਾ ਸਮੇਂ ਦੇਸ਼ ਪੱਧਰ ’ਤੇ ਹਿੰਦੀ ਭਾਸ਼ਾ ਦੀ ਸਥਿਤੀ, ਇਸ ਦੇ ਇਤਿਹਾਸ ਅਤੇ ਭਵਿੱਖ ਨਾਲ ਜੁੜੇ ਵੱਖ-ਵੱਖ ਪੱਖਾਂ ’ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਉਂਦਿਆਂ ਭਾਸ਼ਾ ਪ੍ਰਤੀ ਰੁਚੀ ਅਤੇ ਸਤਿਕਾਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ ਅਤੇ ਏਕਤਾ ਨੇ ਹਿੰਦੀ ਭਾਸ਼ਾ ਦੇ ਮਹੱਤਵ ਅਤੇ ਹੋਰ ਭਾਸ਼ਾਵਾਂ ਨਾਲ ਇਸ ਦੇ ਸਬੰਧਾਂ ਨੂੰ ਉਜਾਗਰ ਕੀਤਾ। ਜਸਪ੍ਰੀਤ ਕੌਰ ਨੇ ਹਿੰਦੀ ਭਾਸ਼ਾ ਦੀ ਸ਼ਾਨ, ਜੈਸਮੀਨ ਨੇ ਇਸ ਦੇ ਮਹੱਤਵ ਅਤੇ ਮੋਨਿਕਾ ਨੇ ਹਿੰਦੀ ਭਾਸ਼ਾ ਦੇ ਉਚਾਰਣ ਦੀ ਖੂਬਸੂਰਤੀ ਨੂੰ ਦਰਸਾਉਂਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਕਾਲਜ ਦੇ ਪ੍ਰਿੰਸੀਪਲ ਸਚਿਨ ਕਾਲੜਾ ਨੇ ਹਿੰਦੀ ਭਾਸ਼ਾ ਦੀ ਖੂਬਸੂਰਤੀ ਅਤੇ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਹਿੰਦੀ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰੋਫੈਸਰ ਸਤਿੰਦਰਪਾਲ ਸਿੰਘ, ਪ੍ਰੋਫੈਸਰ ਗੁਰਵਿੰਦਰ ਸਿੰਘ, ਪ੍ਰੋਫੈਸਰ ਗਗਨਪ੍ਰੀਤ ਸਿੰਘ ਅਤੇ ਪ੍ਰੋਫੈਸਰ ਪਵਿੱਤਰ ਸਿੰਘ ਵੀ ਹਾਜ਼ਰ ਰਹੇ।