ਰੇਲ ਯਾਤਰੀਆਂ ’ਚ ਡਿਜੀਟਲ ਭੁਗਤਾਨ ਨੂੰ ਲੈ ਕੇ ਉਤਸ਼ਾਹ
ਰੇਲ ਯਾਤਰੀਆਂ ਵਿਚ ਡਿਜੀਟਲ ਭੁਗਤਾਨ ਨੂੰ ਉਤਸ਼ਾਹ
Publish Date: Mon, 30 Mar 2026 05:00 PM (IST)
Updated Date: Mon, 30 Mar 2026 05:03 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਵੱਲੋਂ ਰੇਲ ਯਾਤਰੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਟਿਕਟ ਬੁਕਿੰਗ ਲਈ ਉਤਸ਼ਾਹਿਤ ਕਰਨ ਵਾਸਤੇ ਵੱਖ-ਵੱਖ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਹਨ। ਇਸੇ ਲੜੀ ਤਹਿਤ ਫਿਰੋਜ਼ਪੁਰ ਮੰਡਲ ਵਿਚ ਵੀ ਯਾਤਰੀਆਂ ਨੂੰ ਡਿਜੀਟਲ ਭੁਗਤਾਨ ਅਪਣਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 25 ਮਾਰਚ 2026 ਤੋਂ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਤੌਰ ’ਤੇ ਡਿਜੀਟਲ ਭੁਗਤਾਨ ਲਈ ਸਮਰਪਿਤ ਬੁਕਿੰਗ ਖਿੜਕੀਆਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ ਨਾਲ ਲੈਣ-ਦੇਣ ਤੇਜ਼, ਸੁਰੱਖਿਅਤ ਅਤੇ ਪਾਰਦਰਸ਼ੀ ਬਣਦਾ ਹੈ ਅਤੇ ਭੀੜ ਦਾ ਪ੍ਰਬੰਧਨ ਬਿਹਤਰ ਹੁੰਦਾ ਹੈ। ਇਸ ਦੇ ਨਾਲ ਹੀ ਨਕਦੀ ’ਤੇ ਨਿਰਭਰਤਾ ਘਟਦੀ ਹੈ, ਯਾਤਰੀਆਂ ਨੂੰ ਸਹੂਲਤ ਮਿਲਦੀ ਹੈ ਅਤੇ ਡਿਜੀਟਲ ਭੁਗਤਾਨ ਨੂੰ ਉਤਸ਼ਾਹ ਮਿਲਦਾ ਹੈ। ਇਸ ਤੋਂ ਇਲਾਵਾ ‘‘ਰੇਲਵਨ’’ ਐਪ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਮੇਂ-ਸਮੇਂ ’ਤੇ ਵਿਆਪਕ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ ਫਿਰੋਜ਼ਪੁਰ ਮੰਡਲ ਦੇ ਵੱਖ-ਵੱਖ ਸਟੇਸ਼ਨਾਂ ’ਤੇ ਡਿਜੀਟਲ ਲੈਣ-ਦੇਣ, ਖਾਸ ਕਰਕੇ ਯੂਪੀਆਈ ਭੁਗਤਾਨ ਵਿਚ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ ਹੈ। ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਜਿਵੇਂ ਕਿ ਲੁਧਿਆਣਾ, ਜਲੰਧਰ ਸਿਟੀ, ਜਲੰਧਰ ਕੈਂਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਕੈਂਟ ਸਟੇਸ਼ਨਾਂ ’ਤੇ ਪਿਛਲੇ 15 ਦਿਨਾਂ ਵਿਚ ਰੋਜ਼ਾਨਾ ਔਸਤਨ ਡਿਜੀਟਲ ਲੈਣ-ਦੇਣ 10 ਪ੍ਰਤੀਸ਼ਤ ਤੋਂ ਵੱਧ ਰਿਹਾ। ਪ੍ਰਮੁੱਖ ਸਟੇਸ਼ਨਾਂ ’ਤੇ ਡਿਜੀਟਲ ਭੁਗਤਾਨ ਲਈ ਸਮਰਪਿਤ ਬੁਕਿੰਗ ਖਿੜਕੀਆਂ ਜਿਵੇਂ ਕਿ ਜਲੰਧਰ ਕੈਂਟ 2 ਕਾਊਂਟਰ 1 ਡਿਜੀਟਲ, 1 ਮਿਸ਼ਰਤ, ਅੰਮ੍ਰਿਤਸਰ 5 ਕਾਊਂਟਰ 2 ਡਿਜੀਟਲ, 3 ਮਿਸ਼ਰਤ, ਲੁਧਿਆਣਾ 4 ਕਾਊਂਟਰ 2 ਡਿਜੀਟਲ, 2 ਮਿਸ਼ਰਤ, ਫਿਰੋਜ਼ਪੁਰ ਕੈਂਟ 2 ਕਾਊਂਟਰ 1 ਡਿਜੀਟਲ, 1 ਮਿਸ਼ਰਤ, ਜਲੰਧਰ ਸਿਟੀ 3 ਕਾਊਂਟਰ 1 ਡਿਜੀਟਲ, 2 ਮਿਸ਼ਰਤ ਹਨ। ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਡਿਜੀਟਲ ਮਾਧਿਅਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ, ਤਾਂ ਜੋ ਟਿਕਟਿੰਗ ਪ੍ਰਕਿਰਿਆ ਨੂੰ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਇਆ ਜਾ ਸਕੇ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਪਹਿਲਕਦਮੀ ‘ਡਿਜੀਟਲ ਇੰਡੀਆ’ ਮੁਹਿੰਮ ਤਹਿਤ ਡਿਜੀਟਲ ਭੁਗਤਾਨ ਨੂੰ ਮਜ਼ਬੂਤੀ ਨਾਲ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾ ਰਹੀ ਹੈ। ਮੰਡਲ ਦੀਆਂ ਡਿਜੀਟਲ ਜਾਗਰੂਕਤਾ ਮੁਹਿੰਮਾਂ ਦਾ ਸਕਾਰਾਤਮਕ ਪ੍ਰਭਾਵ ਪਿਆ ਹੈ ਅਤੇ ਯਾਤਰੀਆਂ ਵਿੱਚ ਡਿਜੀਟਲ ਭੁਗਤਾਨ ਪ੍ਰਤੀ ਰੁਝਾਨ ਲਗਾਤਾਰ ਵੱਧ ਰਿਹਾ ਹੈ।