ਖੋਜ ਕਾਰਜਾਂ ਨੂੰ ਅਧਿਆਪਕਾਂ ਤੱਕ ਪਹੁੰਚਾਉਣ ਲਈ ਡਿਸੈਮੀਨੇਸ਼ਨ ਪ੍ਰੋਗਰਾਮ ਕਰਵਾਇਆ ਡਾਇਟ ਫਿਰੋਜ਼ਪੁਰ ਵੱਲੋਂ ਖੋਜ ਕਾਰਜਾਂ ਨੂੰ ਅਧਿਆਪਕਾਂ ਤੱਕ ਪਹੁੰਚਾਉਣ ਲਈ ਡਿਸੈਮੀਨੇਸ਼ਨ ਪ੍ਰੋਗਰਾਮ
Publish Date: Mon, 10 Aug 2026 05:30 PM (IST)
Updated Date: Mon, 10 Aug 2026 05:32 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ), ਫਿਰੋਜ਼ਪੁਰ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਖੋਜ ਕਾਰਜਾਂ ਨਾਲ ਜੋੜਨ ਅਤੇ ਖੋਜ ਰਾਹੀਂ ਸਾਹਮਣੇ ਆਉਣ ਵਾਲੇ ਨਤੀਜਿਆਂ ਨੂੰ ਸਕੂਲ ਪੱਧਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਰੋਜ਼ਾ ਡਿਸੈਮੀਨੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਰਾਜ ਸਿੱਖਿਆ ਸਿਖਲਾਈ ਅਤੇ ਖੋਜ ਪ੍ਰੀਸ਼ਦ, ਮੋਹਾਲੀ ਦੀਆਂ ਹਦਾਇਤਾਂ ਬੀਤੇ ਦਿਨ ਡਾਇਟ ਫਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਡਾਇਟ ਫੈਕਲਟੀ ਮੈਂਬਰਾਂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਗਏ ਰਿਸਰਚ ਅਤੇ ਐਕਸ਼ਨ ਰਿਸਰਚ ਕਾਰਜਾਂ ਨੂੰ ਸਾਂਝਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਅਤੇ ਪ੍ਰਾਇਮਰੀ ਸਿੱਖਿਆ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਬੀ.ਆਰ.ਸੀ., ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਖੋਜ ਨਾਲ ਸਬੰਧਤ ਤਿਆਰ ਕੀਤੀਆਂ ਗਈਆਂ ਰਿਸਰਚ ਕਾਪੀਆਂ ਅਤੇ ਅਧਿਐਨ ਰਿਪੋਰਟਾਂ ਨੂੰ ਵੀ ਭਾਗੀਦਾਰਾਂ ਨਾਲ ਸਾਂਝਾ ਕੀਤਾ ਗਿਆ। ਡਾਇਟ ਦੇ ਮਾਹਿਰਾਂ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ, ਸਿੱਖਣ ਦੀ ਪ੍ਰਕਿਰਿਆ ਅਤੇ ਉਨ੍ਹਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ। ਬੁਲਾਰਿਆਂ ਨੇ ਕਿਹਾ ਕਿ ਖੋਜ ਰਾਹੀਂ ਸਾਹਮਣੇ ਆਉਣ ਵਾਲੇ ਤੱਥਾਂ ਨੂੰ ਅਧਿਆਪਨ ਪ੍ਰਕਿਰਿਆ ਵਿੱਚ ਲਾਗੂ ਕਰਕੇ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ਨੂੰ ਖੋਜ ਦਾ ਵਿਸ਼ਾ ਬਣਾਉਣ। ਡਾਇਟ ਦੀ ਪ੍ਰਿੰਸੀਪਲ ਸੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਇਟ ਦੀ ਜ਼ਿੰਮੇਵਾਰੀ ਸਿਰਫ਼ ਅਧਿਆਪਕਾਂ ਦੀ ਸਿਖਲਾਈ, ਵਰਕਸ਼ਾਪਾਂ ਅਤੇ ਸੈਮੀਨਾਰ ਕਰਵਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਸਿੱਖਿਆ ਖੇਤਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਦੇ ਨਤੀਜਿਆਂ ਨੂੰ ਫੀਲਡ ਵਿੱਚ ਪਹੁੰਚਾਉਣਾ ਵੀ ਸੰਸਥਾ ਦੀ ਅਹਿਮ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸਰਗਰਮ ਭੂਮਿਕਾ ਨਾਲ ਸਿੱਖਿਆ ਪ੍ਰਣਾਲੀ ਵਿੱਚ ਵਿਹਾਰਕ ਸੁਧਾਰ ਲਿਆਂਦੇ ਜਾ ਸਕਦੇ ਹਨ। ਇਸ ਦੌਰਾਨ ਜ਼ਿਲ੍ਹਾ ਰਿਸਰਚ ਕੋਆਰਡੀਨੇਟਰ ਗਗਨਦੀਪ ਗੱਖੜ, ਡਾਇਟ ਫੈਕਲਟੀ ਮੈਂਬਰ ਆਰਤੀ ਸਚਦੇਵਾ, ਗੌਰਵ ਮੁੰਜਾਲ, ਪਰਮਜੀਤ ਕੌਰ, ਡਾ. ਹਰਿੰਦਰ ਸਿੰਘ ਅਤੇ ਗੁਰਭੇਜ ਸਿੰਘ ਵੱਲੋਂ ਆਪਣੇ-ਆਪਣੇ ਖੋਜ ਕਾਰਜਾਂ ਸਬੰਧੀ ਪਰਚੇ ਪੇਸ਼ ਕੀਤੇ ਗਏ। ਉਨ੍ਹਾਂ ਨੇ ਖੋਜ ਦੇ ਉਦੇਸ਼, ਅਪਣਾਈ ਗਈ ਪ੍ਰਕਿਰਿਆ ਅਤੇ ਸਿੱਖਿਆ ਖੇਤਰ ਵਿੱਚ ਇਸ ਦੀ ਸੰਭਾਵਿਤ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਜ਼ਿਲ੍ਹਾ ਟ੍ਰੇਨਿੰਗ ਕੋਆਰਡੀਨੇਟਰ ਕਮਲ ਸ਼ਰਮਾ, ਡਾ. ਸਰਬਸ਼ਕਤੀਮਾਨ ਸਿੰਘ, ਗੌਰਵ ਤ੍ਰਿਖਾ, ਡਾ. ਅਮਰਜੋਤੀ ਮਾਂਗਟ ਅਤੇ ਆਕਾਸ਼ਵੀਰ ਸਮੇਤ ਡਾਇਟ ਫੈਕਲਟੀ ਨੇ ਅਹਿਮ ਭੂਮਿਕਾ ਨਿਭਾਈ। ਅੰਤ ਵਿਚ ਖੋਜ ਕਾਰਜਾਂ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।