ਸ਼ੂਗਰ ਨੂੰ ਹਲਕੇ ’ਚ ਲੈਣਾ ਪੈ ਸਕਦੈ ਭਾਰੀ : ਡਾ. ਸ਼ਿਵਕਰਨ ਸਿੰਘ ਸ਼ੂਗਰ ਨੂੰ ਹਲਕੇ ’ਚ ਲੈਣਾ ਪੈ ਸਕਦੈ ਭਾਰੀ, ਸਮੇਂ ਸਿਰ ਜਾਂਚ ਤੇ ਜੀਵਨਸ਼ੈਲੀ ’ਚ ਬਦਲਾਅ ਹੀ ਬਚਾਅ ਦਾ
Publish Date: Sat, 14 Nov 2026 03:54 PM (IST)
Updated Date: Sat, 14 Nov 2026 03:57 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸ਼ੂਗਰ ਵਰਗੀ ਗੰਭੀਰ ਬਿਮਾਰੀ ਤੋਂ ਬਚਾਅ ਲਈ ਜਾਗਰੂਕਤਾ, ਸੰਤੁਲਿਤ ਖੁਰਾਕ ਅਤੇ ਨਿਯਮਤ ਕਸਰਤ ਨੂੰ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣਾ ਬੇਹੱਦ ਜ਼ਰੂਰੀ ਹੈ। ਸਮੇਂ ਸਿਰ ਬਿਮਾਰੀ ਦੀ ਪਛਾਣ ਅਤੇ ਡਾਕਟਰੀ ਸਲਾਹ ਅਨੁਸਾਰ ਇਲਾਜ ਨਾਲ ਇਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਿਰੋਜ਼ਪੁਰ ਡਾ. ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ. ਕੱਸੋਆਣਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਨਬੀਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਸ਼ੂਗਰ ਦਿਵਸ ਮੌਕੇ ਲਗਾਏ ਜਾਗਰੂਕਤਾ ਕੈਂਪ ਦੌਰਾਨ ਮੈਡੀਕਲ ਅਫ਼ਸਰ ਡਾ. ਸ਼ਿਵਕਰਨ ਸਿੰਘ ਨੇ ਕੀਤੇ। ਉਨ੍ਹਾਂ ਦੱਸਿਆ ਕਿ ਸਰੀਰ ਵਿੱਚ ਇਨਸੁਲਿਨ ਹਾਰਮੋਨ ਦੀ ਘਾਟ ਜਾਂ ਇਸ ਦੀ ਕਾਰਜਪ੍ਰਣਾਲੀ ਪ੍ਰਭਾਵਿਤ ਹੋਣ ਕਾਰਨ ਖ਼ੂਨ ਵਿੱਚ ਗਲੂਕੋਜ਼ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਸ਼ੂਗਰ ਦੀ ਬਿਮਾਰੀ ਪੈਦਾ ਹੁੰਦੀ ਹੈ। ਚਿੰਤਾ ਦੀ ਗੱਲ ਹੈ ਕਿ ਹੁਣ ਇਹ ਬਿਮਾਰੀ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਮੌਕੇ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਪਿਛੋਕੜ, ਮੋਟਾਪਾ, ਸਰੀਰਕ ਮਿਹਨਤ ਦੀ ਘਾਟ, ਗ਼ੈਰ-ਸੰਤੁਲਿਤ ਖੁਰਾਕ, ਸਿਗਰਟਨੋਸ਼ੀ, ਸ਼ਰਾਬ ਦਾ ਸੇਵਨ ਅਤੇ ਮਾਨਸਿਕ ਤਣਾਅ ਇਸ ਦੇ ਪ੍ਰਮੁੱਖ ਜੋਖ਼ਮ ਕਾਰਕ ਹਨ। ਵਾਰ-ਵਾਰ ਭੁੱਖ ਤੇ ਪਿਆਸ ਲੱਗਣਾ, ਪਿਸ਼ਾਬ ਜ਼ਿਆਦਾ ਆਉਣਾ, ਥਕਾਵਟ, ਨਜ਼ਰ ਧੁੰਦਲੀ ਹੋਣਾ, ਜ਼ਖ਼ਮ ਦੇਰ ਨਾਲ ਭਰਨਾ, ਹੱਥਾਂ-ਪੈਰਾਂ ਵਿੱਚ ਝਨਝਨਾਹਟ ਅਤੇ ਅਚਾਨਕ ਭਾਰ ਘਟਣਾ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਨ, ਮਿਠਾਈਆਂ ਤੇ ਚੀਨੀ ਤੋਂ ਪਰਹੇਜ਼ ਕਰਨ, ਹਰੀਆਂ ਸਬਜ਼ੀਆਂ ਅਤੇ ਪੌਸ਼ਟਿਕ ਘਰੇਲੂ ਭੋਜਨ ਖਾਣ ਅਤੇ ਬਾਹਰਲੇ ਜੰਕ ਫੂਡ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਸਿਰ ਖ਼ੂਨ ਵਿੱਚ ਸ਼ੂਗਰ ਦੀ ਜਾਂਚ ਕਰਵਾਉਣ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲੈਣੀ ਚਾਹੀਦੀ ਹੈ। ਇਸ ਮੌਕੇ ਮਲਟੀਪਰਪਜ਼ ਵਰਕਰ ਨਵਦੀਪ ਸਿੰਘ, ਐਲ.ਐੱਚ.ਵੀ. ਗੁਰਦੇਵ ਕੌਰ ਸਮੇਤ ਸਿਹਤ ਕੇਂਦਰ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।