ਦੇਵ ਸਮਾਜ ਸਿੱਖਿਆ ਸੰਸਥਾਨ ’ਚ ਧਰਮ ਵਿਕਾਸਾਲਯ ਸਤਿਸੰਗ ਕਰਵਾਇਆ ਦੇਵ ਸਮਾਜ ਸਿੱਖਿਆ ਸੰਸਥਾਨ ’ਚ ਧਰਮ ਵਿਕਾਸਾਲਯ ਸਤਿਸੰਗ ਦਾ ਆਯੋਜਨ
Publish Date: Fri, 21 Aug 2026 04:34 PM (IST)
Updated Date: Fri, 21 Aug 2026 04:36 PM (IST)
ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਵਿਖੇ 19 ਅਤੇ 20 ਅਗਸਤ ਨੂੰ ਧਰਮ ਵਿਕਾਸਾਲਯ ਸਤਿਸੰਗ/ਅਧਿਵੇਸ਼ਨ ਕਰਵਾਇਆ ਗਿਆ। ਇਸ ਮੌਕੇ ਮਨੁੱਖੀ ਜੀਵਨ ਵਿਚ ਆਤਮਿਕ ਵਿਕਾਸ, ਸੱਚੇ ਗਿਆਨ ਦੀ ਪ੍ਰਾਪਤੀ ਅਤੇ ਨੀਚ ਅਨੁਰਾਗਾਂ ਤੇ ਪਤਨਕਾਰੀ ਗਤੀਆਂ ਤੋਂ ਮੁਕਤੀ ਦੇ ਵਿਸ਼ਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸੇ ਲੜੀ ਤਹਿਤ 21 ਅਤੇ 22 ਅਗਸਤ ਨੂੰ ਸਤਿਧਰਮ ਬੋਧ ਉਤਸਵ ਵੀ ਕਰਵਾਇਆ ਜਾ ਰਿਹਾ ਹੈ। ਦੇਵ ਸਮਾਜ ਨੂੰ ਵਿਗਿਆਨਕ ਧਰਮ ਵਜੋਂ ਦਰਸਾਉਂਦਿਆਂ ਦੱਸਿਆ ਗਿਆ ਕਿ ਇਸ ਦੀ ਸਥਾਪਨਾ ਪਰਮ ਪੂਜਨੀਯ ਭਗਵਾਨ ਦੇਵ ਆਤਮਾ ਜੀ ਨੇ 18 ਫਰਵਰੀ 1887 ਨੂੰ ਕੀਤੀ ਸੀ। ਉਨ੍ਹਾਂ ਵੱਲੋਂ ਰਚਿਤ ਦੇਵ ਸ਼ਾਸਤਰਾਂ ਰਾਹੀਂ ਮਨੁੱਖ ਨੂੰ ਆਤਮਾ ਦੇ ਗਿਆਨ, ਸੱਚੇ ਜੀਵਨ ਅਤੇ ਸੇਵਾਕਾਰੀ ਜੀਵਨ-ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ‘ਦੇਵ ਭਾਵ ਖੰਡ-2’ ਦੀ ਕੀਤੀ ਵਿਆਖਿਆ 19 ਅਗਸਤ ਨੂੰ ਦੇਵ ਸਮਾਜ ਪ੍ਰਬੰਧ ਪਰਿਸ਼ਦ ਦੀ ਪ੍ਰਧਾਨ ਅਤੇ ਦੇਵ ਸਮਾਜ ਕਾਲਜ ਸਿੱਖਿਆ ਸੰਸਥਾਨ, ਫਿਰੋਜ਼ਪੁਰ ਦੀ ਚੇਅਰਪਰਸਨ ਪ੍ਰੋ. (ਡਾ.) ਅਗਨੀਜ਼ ਢਿੱਲੋਂ ਵੱਲੋਂ ਭਗਵਾਨ ਦੇਵ ਆਤਮਾ ਜੀ ਦੁਆਰਾ ਰਚਿਤ ਸ਼ਾਸਤਰ ‘ਦੇਵ ਭਾਵ ਖੰਡ-2’ ਦਾ ਅਧਿਐਨ ਅਤੇ ਵਿਸਥਾਰਪੂਰਵਕ ਵਿਆਖਿਆ ਕੀਤੀ ਗਈ। ਉਨ੍ਹਾਂ ਨੇ ਦੇਵ ਸ਼ਾਸਤਰ ਦੇ ਦੂਜੇ ਖੰਡ ਵਿਚ ਦਰਸਾਏ ਅੱਠ ਪ੍ਰਕਾਰ ਦੇ ਬੋਧਾਂ ਅਤੇ ਚਾਰ ਪ੍ਰਕਾਰ ਦੇ ਅਨੁਰਾਗਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਮਨੁੱਖੀ ਜੀਵਨ ਵਿੱਚ ਪੈਦਾ ਹੋਣ ਵਾਲੀਆਂ ਵੱਖ-ਵੱਖ ਮਿਥਿਆਵਾਂ, ਉਨ੍ਹਾਂ ਦੇ ਕਾਰਨਾਂ ਅਤੇ ਇਨ੍ਹਾਂ ਤੋਂ ਮੁਕਤੀ ਦੇ ਮਾਰਗ ਬਾਰੇ ਵੀ ਜਾਣਕਾਰੀ ਦਿੱਤੀ। ਧਰਮ-ਮੂਲਕ ਵਿਸ਼ਵਾਸਾਂ ਦੀ ਪਰਖ ਲਈ ਦਰਸਾਈਆਂ ਚਾਰ ਕਸੌਟੀਆਂ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਗਿਆ। ਇਸ ਮੌਕੇ ਦੇਵ ਸਮਾਜ ਕਾਲਜ ਪ੍ਰਬੰਧ ਕਮੇਟੀ ਦੇ ਕਾਊਂਸਲਰ ਰਾਮਬਿਲਾਸ ਪਾਂਡੇ, ਮਨੋਜ ਮਦਾਨ, ਜਗਦੀਸ਼ ਰਾਏ ਗਾਬਾ, ਮਾਨਵਿੰਦਰ ਸਿੰਘ ਮਾਂਗਟ, ਮੁੱਖ ਪ੍ਰਸ਼ਾਸਨਿਕ ਅਧਿਕਾਰੀ, ਮੁੱਖ ਦਫ਼ਤਰ ਸੈਕਟਰ-36 ਬੀ, ਚੰਡੀਗੜ੍ਹ ਅਤੇ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਸਮੇਤ ਦਿੱਲੀ, ਪਲਵਲ, ਰਾਜਸਥਾਨ ਅਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਧਰਮ-ਪ੍ਰੇਮੀ ਅਤੇ ਸ਼ਰਧਾਲੂ ਹਾਜ਼ਰ ਹੋਏ। ਆਤਮਾ ਦੇ ਚਾਰ ਮਹਾਤੱਤਾਂ ’ਤੇ ਚਰਚਾ 20 ਅਗਸਤ ਨੂੰ ਭਗਵਾਨ ਦੇਵ ਆਤਮਾ ਜੀ ਵੱਲੋਂ ਮਨੁੱਖੀ ਆਤਮਾ ਸਬੰਧੀ ਖੋਜੇ ਗਏ ਚਾਰ ਮਹਾਤੱਤਾਂ ਦਾ ਅਧਿਐਨ ਅਤੇ ਵਿਆਖਿਆ ਕੀਤੀ ਗਈ। ਇਸ ਦੌਰਾਨ ਦੱਸਿਆ ਗਿਆ ਕਿ ਮਨੁੱਖ ਦੇ ਜੀਵਨ ਵਿੱਚ ਉਸ ਦੀ ਗਠਨ ਪ੍ਰਾਪਤ ਜੀਵਨੀ ਸ਼ਕਤੀ ਨੂੰ ਹੀ ਆਤਮਾ ਕਿਹਾ ਜਾਂਦਾ ਹੈ ਅਤੇ ਇਸ ਦਾ ਸਰੀਰ ਨਾਲ ਬਹੁਤ ਹੀ ਗੂੜ੍ਹਾ ਤੇ ਨੇੜਲਾ ਸਬੰਧ ਹੈ। ਸਤਿਸੰਗ ਦੌਰਾਨ ਮਨੁੱਖ ਦੀਆਂ ਪਤਨਕਾਰੀ ਅਤੇ ਵਿਨਾਸ਼ਕਾਰੀ ਗਤੀਆਂ, ਜਿਨ੍ਹਾਂ ਨੂੰ ਦੇਵ ਸਮਾਜ ਦੀ ਭਾਸ਼ਾ ਵਿੱਚ ਨੀਚ ਅਨੁਰਾਗ ਅਤੇ ਨੀਚ ਘ੍ਰਿਣਾਵਾਂ ਕਿਹਾ ਜਾਂਦਾ ਹੈ, ਬਾਰੇ ਗੰਭੀਰ ਵਿਚਾਰ ਕੀਤਾ ਗਿਆ। ਨਾਲ ਹੀ ਆਤਮਾ ਸਬੰਧੀ ਸਮਾਜ ਵਿੱਚ ਪ੍ਰਚਲਿਤ ਵੱਖ-ਵੱਖ ਮਿਥਿਆਵਾਂ ਅਤੇ ਇਨ੍ਹਾਂ ਪਤਨਕਾਰੀ ਰੁਝਾਨਾਂ ਤੋਂ ਮੁਕਤੀ ਪ੍ਰਾਪਤ ਕਰਨ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਸਤਿਸੰਗ ਦੇ ਅੰਤ ਵਿਚ ਭਾਗੀਦਾਰਾਂ ਨੂੰ ਭਗਵਾਨ ਦੇਵ ਆਤਮਾ ਜੀ ਵੱਲੋਂ ਦਰਸਾਏ ਸਿਧਾਂਤਾਂ ਦੇ ਆਧਾਰ ’ਤੇ ਆਤਮਿਕ ਗਿਆਨ, ਮਨੁੱਖੀ ਜੀਵਨ ਦੀ ਉੱਨਤੀ ਅਤੇ ਸੱਚੇ ਤੇ ਸੇਵਾਕਾਰੀ ਜੀਵਨ-ਮਾਰਗ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਪ੍ਰਬੰਧਕਾਂ ਅਨੁਸਾਰ ਅਜਿਹੇ ਸਤਿਸੰਗਾਂ ਦਾ ਮੁੱਖ ਉਦੇਸ਼ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ, ਪਤਨਕਾਰੀ ਰੁਝਾਨਾਂ ਤੋਂ ਉੱਪਰ ਉੱਠਣ ਅਤੇ ਸਮਾਜ ਲਈ ਲਾਭਕਾਰੀ ਜੀਵਨ ਬਤੀਤ ਕਰਨ ਵੱਲ ਪ੍ਰੇਰਿਤ ਕਰਨਾ ਹੈ।