- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਧਰਮਪਾਲ ਬਾਂਸਲ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਅਤੇ ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਫਿਰੋਜ਼ਪੁਰ ਦੇ ਚੇਅਰਮੈਨ ਸ੍ਰੀ ਧਰਮਪਾਲ ਬਾਂਸਲ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਦੋਵਾਂ ਵੱਲੋਂ 11ਵੇਂ ਆਯੁਰਵੇਦ ਦਿਵਸ ਸਬੰਧੀ ਅਤੇ ਆਯੁਰਵੇਦ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਰਮੋਨੀ ਕਾਲੇਜ ਦੇ ਡਾਇਰੈਕਟਰ ਯੋਗੇਸ਼ ਬਾਂਸਲ ਵੀ ਉਨ੍ਹਾਂ ਦੇ ਨਾਲ ਸਨ। ਧਰਮਪਾਲ ਬਾਂਸਲ ਰਾਜਪਾਲ ਨੂੰ ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਫਿਰੋਜ਼ਪੁਰ ਵਿਖੇ ਆਉਣ ਲਈ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ। ਉਨ੍ਹਾਂ ਬੇਨਤੀ ਕੀਤੀ ਕਿ ਰਾਜਪਾਲ ਆਪਣੇ ਕੀਮਤੀ ਅਤੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਫਿਰੋਜ਼ਪੁਰ ਦੀ ਧਰਤੀ ’ਤੇ ਜ਼ਰੂਰ ਪਹੁੰਚਣ ਅਤੇ ਸੰਸਥਾ ਦੀਆਂ ਗਤੀਵਿਧੀਆਂ ਨੂੰ ਆਪਣੀ ਹਾਜ਼ਰੀ ਨਾਲ ਸਨਮਾਨਿਤ ਕਰਨ। ਉਨ੍ਹਾਂ ਕਿਹਾ ਕਿ ਰਾਜਪਾਲ ਦੀ ਫਿਰੋਜ਼ਪੁਰ ਆਮਦ ਸੰਸਥਾ, ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੁੱਚੇ ਇਲਾਕੇ ਲਈ ਮਾਣ ਅਤੇ ਗੌਰਵ ਦਾ ਵਿਸ਼ਾ ਹੋਵੇਗੀ। ਮੁਲਾਕਾਤ ਦੌਰਾਨ ਧਰਮਪਾਲ ਬਾਂਸਲ ਨੇ 11ਵੇਂ ਆਯੁਰਵੇਦ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਯੁਰਵੇਦ ਸਿਰਫ਼ ਇਕ ਚਿਕਿਤਸਾ ਪੱਧਤੀ ਹੀ ਨਹੀਂ, ਸਗੋਂ ਭਾਰਤ ਦੀ ਪ੍ਰਾਚੀਨ ਸਿਹਤ ਪਰੰਪਰਾ ਅਤੇ ਜੀਵਨ ਜਿਊਣ ਦੀ ਸੰਤੁਲਿਤ ਪੱਧਤੀ ਹੈ। ਉਨ੍ਹਾਂ ਦੱਸਿਆ ਕਿ ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਐਂਡ ਹਸਪਤਾਲ ਵੱਲੋਂ ਆਯੁਰਵੇਦ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਵਿਰਾਸਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸੰਸਥਾ ਵੱਲੋਂ ਆਯੁਰਵੇਦ ਦਿਵਸ ਨੂੰ ਸਮਰਪਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ, ਸਿਹਤ ਸੰਬੰਧੀ ਜਾਣਕਾਰੀ ਅਤੇ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਬਾਰੇ ਵੀ ਚਰਚਾ ਕੀਤੀ ਗਈ। ਬਾਂਸਲ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਉਦੇਸ਼ ਆਯੁਰਵੇਦ ਦੀਆਂ ਵਿਗਿਆਨਕ ਅਤੇ ਸਿਹਤਮੰਦ ਜੀਵਨਸ਼ੈਲੀ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।