ਗੁਜਰਾਤ ਦੇ ਡਿਪਟੀ ਸੀਐੱਮ ਦੀ ਮਾਤਾ ਦਾ ਜ਼ੀਰਾ ’’ਚ ਸ਼ਾਹੀ ਸਵਾਗਤ ਗੁਜਰਾਤ ਦੇ ਉਪ ਮੁੱਖ ਮੰਤਰੀ ਦੀ ਮਾਤਾ ਦੇਵੇਂਦਰੀਆ ਸੰਘਵੀ ਜੈਨ ਦਾ ਜੀਰਾ ਪੁੱਜਣ ’ਤੇ ਸ਼ਾਹੀ ਸਵਾਗਤ ਤੇ ਵਿਸ਼ੇਸ਼ ਸਨਮਾਨ
Publish Date: Tue, 17 Nov 2026 06:56 PM (IST)
Updated Date: Tue, 17 Nov 2026 06:57 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ਭਾਈ ਸੰਘਵੀ ਜੈਨ ਦੀ ਮਾਤਾ ਸ੍ਰੀਮਤੀ ਦੇਵੇਂਦਰੀਆ ਸੰਘਵੀ ਜੈਨ ਦੇ ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ, ਜੀਰਾ ਵਿਖੇ ਪਹੁੰਚਣ ’ਤੇ ਸਮੁੱਚੇ ਸਕੂਲ ਪਰਿਵਾਰ ਵੱਲੋਂ ਜਿਸ ਸ਼ਰਧਾ, ਸਤਿਕਾਰ ਅਤੇ ਨਿੱਘ ਨਾਲ ਸਵਾਗਤ ਕੀਤਾ ਗਿਆ, ਉਸ ਨੇ ਇਸ ਵਿਸ਼ੇਸ਼ ਆਗਮਨ ਨੂੰ ਯਾਦਗਾਰੀ ਸਮਾਗਮ ਦਾ ਰੂਪ ਦੇ ਦਿੱਤਾ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਆਪਣੀ ਅਥਾਹ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੁੱਚਾ ਮਾਹੌਲ ਧਾਰਮਿਕ ਉਤਸ਼ਾਹ, ਖੁਸ਼ੀ ਅਤੇ ਅਧਿਆਤਮਿਕ ਭਾਵਨਾਵਾਂ ਨਾਲ ਸਰਸ਼ਾਰ ਹੋ ਉੱਠਿਆ। ਇਸ ਸਮਾਗਮ ਦੀ ਵਿਸ਼ੇਸ਼ ਖਿੱਚ ਗੁਜਰਾਤ ਤੋਂ ਚਾਰ ਬੱਸਾਂ ਰਾਹੀਂ ਪਹੁੰਚੇ ਲਗਭਗ 200 ਸ਼ਰਧਾਲੂ ਵੀ ਰਹੇ, ਜਿਨ੍ਹਾਂ ਸਮੇਤ ਸਮੁੱਚੇ ਸ਼੍ਰੀ ਸੰਘ ਦਾ ਸਕੂਲ ਪਰਿਵਾਰ ਵੱਲੋਂ ਜੈਨ ਧਰਮ ਦੀਆਂ ਉੱਚੀਆਂ ਪਰੰਪਰਾਵਾਂ ਅਨੁਸਾਰ ਨਿੱਘਾ ਸਵਾਗਤ ਕੀਤਾ ਗਿਆ। ਦੂਰ-ਦੁਰਾਡੇ ਤੋਂ ਪਹੁੰਚੇ ਸ਼ਰਧਾਲੂਆਂ ਦੀ ਮੌਜੂਦਗੀ ਨੇ ਸਮਾਗਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਇਹ ਮੌਕਾ ਸਿਰਫ਼ ਸਨਮਾਨ ਸਮਾਗਮ ਹੀ ਨਹੀਂ, ਸਗੋਂ ਧਾਰਮਿਕ ਆਸਥਾ, ਆਪਸੀ ਸਾਂਝ, ਨਿਮਰਤਾ ਅਤੇ ਮਨੁੱਖੀ ਸਤਿਕਾਰ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਵਾਲਾ ਸੁੰਦਰ ਅਵਸਰ ਵੀ ਬਣਿਆ। ਇਸ ਮੌਕੇ ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਅਰਚਨਾ ਜੈਨ, ਪ੍ਰਿੰਸੀਪਲ ਕਿਰਨ ਅਗਰਵਾਲ ਅਤੇ ਪ੍ਰਿੰਸੀਪਲ ਡਾ ਸ਼ਾਲੂ ਸੂਦ ਨੇ ਮਾਤਾ ਦੇਵੇਂਦਰੀਆ ਸੰਘਵੀ ਜੈਨ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਇਆ। ਪ੍ਰਬੰਧਕਾਂ ਨੇ ਸਮੂਹ ਸ਼ਰਧਾਲੂਆਂ ਅਤੇ ਮਹਿਮਾਨਾਂ ਦਾ ਵੀ ਦਿਲੋਂ ਅਭਿਨੰਦਨ ਕੀਤਾ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਦੀ ਸੰਸਥਾ ਵਿੱਚ ਆਮਦ ਸਮੁੱਚੇ ਸਕੂਲ ਪਰਿਵਾਰ ਲਈ ਸੁਭਾਗ ਅਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਜੈਨ ਧਰਮ ਦੀਆਂ ਸਿੱਖਿਆਵਾਂ ਅਹਿੰਸਾ, ਦਇਆ, ਨਿਮਰਤਾ ਅਤੇ ਆਪਸੀ ਸਦਭਾਵਨਾ ਦਾ ਸੰਦੇਸ਼ ਦਿੰਦੀਆਂ ਹਨ, ਜੋ ਸਮਾਜ ਨੂੰ ਪ੍ਰੇਮ ਅਤੇ ਏਕਤਾ ਦੇ ਸੂਤਰ ਵਿੱਚ ਬੰਨ੍ਹਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਗੁਜਰਾਤ ਤੋਂ ਪਹੁੰਚੇ ਸਮੂਹ ਸ਼ਰਧਾਲੂਆਂ ਦਾ ਜੀਰਾ ਦੀ ਧਰਤੀ ਨੂੰ ਆਪਣੀ ਆਮਦ ਨਾਲ ਮਾਣ ਬਖ਼ਸ਼ਣ ਲਈ ਧੰਨਵਾਦ ਕੀਤਾ। ਇਹ ਸਮਾਗਮ ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਦੇ ਇਤਿਹਾਸ ਵਿੱਚ ਇੱਕ ਸੁਖਦ ਅਤੇ ਯਾਦਗਾਰੀ ਪਲ ਵਜੋਂ ਯਾਦ ਰੱਖਿਆ ਜਾਵੇਗਾ।