ਲੋਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਤਰੱਕੀ ਦਾ ਅਸਲ ਮਾਪਦੰਡ : ਵਿਧਾਇਕ ਕਟਾਰੀਆ ਵਿਕਾਸ ਕਾਰਜਾਂ ਨੂੰ ਮਿਲੀ ਰਫ਼ਤਾਰ, ਵਾਰਡ 12-13 ’ਚ 5 ਲੱਖ ਦੀ ਲਾਗਤ ਨਾਲ ਬਣੇਗੀ ਇੰਟਰਲਾਕ ਸੜਕ
Publish Date: Sat, 14 Nov 2026 03:59 PM (IST)
Updated Date: Sat, 14 Nov 2026 04:00 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ਼ਹਿਰ ਦੀਆਂ ਗਲੀਆਂ ਨੂੰ ਸੁਚੱਜਾ ਬਣਾਉਣ ਅਤੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ੀਰਾ ਵਿੱਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਵਾਰਡ ਨੰਬਰ 12 ਤੇ 13 ਦੇ ਵਸਨੀਕਾਂ ਨੂੰ ਨਵੀਂ ਸੜਕ ਦੀ ਸੌਗਾਤ ਮਿਲੀ ਹੈ। ਨਗਰ ਕੌਂਸਲ ਜ਼ੀਰਾ ਦੇ ਵਾਈਸ ਪ੍ਰਧਾਨ ਤੇ ਕੌਂਸਲਰ ਰਾਜੀਵ ਸ਼ਰਮਾ ਭੋਲਾ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਉਹਨਾਂ ਦੇ ਦਾਦਾ ਸਵ. ਪੰਡਿਤ ਮੁਨਸ਼ੀ ਰਾਮ ਸ਼ਰਮਾ ਵਾਲੀ ਗਲੀ ਵਿੱਚ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇੰਟਰਲਾਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਹਲਕਾ ਵਿਧਾਇਕ ਨਰੇਸ਼ ਕਟਾਰੀਆ ਅਤੇ ਨਗਰ ਕੌਂਸਲ ਪ੍ਰਧਾਨ ਧਰਮਪਾਲ ਚੁੱਘ ਨੇ ਸਾਂਝੇ ਤੌਰ ’ਤੇ ਟੱਕ ਲਗਾ ਕੇ ਕਰਵਾਈ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਸ਼ਹਿਰ ਦੀ ਤਰੱਕੀ ਦਾ ਅਸਲ ਮਾਪਦੰਡ ਉਸ ਦੇ ਵਸਨੀਕਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਹਨ। ਗਲੀਆਂ ਅਤੇ ਸੜਕਾਂ ਦਾ ਸੁਧਾਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਸਿੱਧਾ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਮਿਆਰੀ ਸਮੱਗਰੀ ਦੀ ਵਰਤੋਂ, ਪਾਰਦਰਸ਼ਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਇਨ੍ਹਾਂ ਦਾ ਲੰਮੇ ਸਮੇਂ ਤੱਕ ਲਾਭ ਮਿਲੇ। ਵਾਈਸ ਪ੍ਰਧਾਨ ਰਾਜੀਵ ਸ਼ਰਮਾ ਭੋਲਾ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਇਸ ਸੜਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਨਾਲ ਆਵਾਜਾਈ ਸੁਖਾਲੀ ਹੋਵੇਗੀ ਅਤੇ ਗਲੀ ਦੀ ਦਿੱਖ ਵੀ ਸੁਧਰੇਗੀ। ਉਨ੍ਹਾਂ ਇਸ ਕਾਰਜ ਲਈ ਸਹਿਯੋਗ ਦੇਣ ਵਾਸਤੇ ਵਿਧਾਇਕ ਨਰੇਸ਼ ਕਟਾਰੀਆ ਅਤੇ ਪ੍ਰਧਾਨ ਧਰਮਪਾਲ ਚੁੱਘ ਦਾ ਧੰਨਵਾਦ ਕੀਤਾ। ਪ੍ਰਧਾਨ ਧਰਮਪਾਲ ਚੁੱਘ ਨੇ ਭਰੋਸਾ ਦਿਵਾਇਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਹਰੇਕ ਵਾਰਡ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਸ਼ਰਮਾ, ਰਾਮੇਸ਼ ਸ਼ਰਮਾ ਸੋਨੂੰ, ਐਡਵੋਕੇਟ ਤਰੁਣ ਝੱਟਾ, ਸੁਨੀਲ ਸਿਆਲ ਐਮੀ, ਗੁਰਮੇਲ ਸਿੰਘ ਗਿੱਲ, ਨਵਰੋਜ ਸਿੰਘ ਭੰਬਾ, ਠੇਕੇਦਾਰ ਅੰਕਿਤ ਬਜਾਜ ਆਦਿ ਹਾਜ਼ਰ ਸਨ।