ਦੇਵ ਸਮਾਜ ਕਾਲਜ ਫਾਰ ਵੂਮੈਨ ’ਚ ਟੀਬੀ ਬਾਰੇ ਕੀਤਾ ਜਾਗਰੂਕ
ਦੇਵ ਸਮਾਜ ਕਾਲਜ ਫਾਰ ਵੂਮੈਨ ’ਚ ਟਿਊਬਰਕੁਲੋਸਿਸ (ਟੀਬੀ) ਬਾਰੇ ਜਾਗਰੂਕ ਕਰਨ ਲਈ ਪੀ.ਪੀਟੀ ਪ੍ਰਜ਼ੈਂਟੇਸ਼ਨ ਅਤੇ ਪੋਸਟਰ ਮੇਕਿੰਗ ਦੀ ਗਤੀਵਿਧੀ ਦਾ ਆਯੋਜਨ
Publish Date: Wed, 25 Mar 2026 04:43 PM (IST)
Updated Date: Wed, 25 Mar 2026 04:47 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ’ਚ ਵਰਲਡ ਟਿਊਬਰਕੁਲੋਸਿਸ ਡੇ ਦੇ ਮੌਕੇ ’ਤੇ ਹਸਪਤਾਲ ਐਡਮਿਨਿਸਟਰੇਸ਼ਨ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਰੈੱਡ ਕਰਾਸ ਕਲੱਬ ਦੇ ਸਹਿਯੋਗ ਨਾਲ ਟਿਊਬਰਕੁਲੋਸਿਸ (ਟੀਬੀ) ਬਾਰੇ ਵਿਦਿਆਰਥੀਆਂ ਅਤੇ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਲਈ ਇਕ ਵਿਸ਼ਾਲ ਪੱਧਰ ’ਤੇ ਪੀ.ਪੀਟੀ ਪ੍ਰਜ਼ੈਂਟੇਸ਼ਨ ਅਤੇ ਪੋਸਟਰ ਮੇਕਿੰਗ ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਜ਼ੈਂਟੇਸ਼ਨ ਰਾਹੀਂ ਟੀਬੀ ਦੇ ਕਾਰਨ, ਲੱਛਣ, ਫੈਲਣ ਦੇ ਤਰੀਕੇ, ਸਿਹਤ ‘ਤੇ ਇਸ ਦੇ ਪ੍ਰਭਾਵ, ਰੋਕਥਾਮ ਦੇ ਉਪਾਅ ਅਤੇ ਇਲਾਜ ਦੀ ਉਪਲਬੱਧ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪੋਸਟਰ ਮੇਕਿੰਗ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਕਲਾਤਮਕ ਕੌਸ਼ਲ ਦਾ ਬੇਹੱਦ ਸੁੰਦਰ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਪੋਸਟਰਾਂ ਵਿਚ ਪ੍ਰਭਾਵਸ਼ਾਲੀ ਸਲੋਗਨ, ਜਾਗਰੂਕਤਾ ਸੰਦੇਸ਼ ਅਤੇ ਸਪਸ਼ਟ ਰੂਪ ਵਿੱਚ ਦਰਸਾਏ ਗਏ ਬਚਾਅ ਦੇ ਤਰੀਕੇ ਸ਼ਾਮਲ ਸਨ। ਇਸ ਗਤੀਵਿਧੀ ਨੇ ਵਿਦਿਆਰਥੀਆਂ ਵਿਚ ਨਾ ਸਿਰਫ਼ ਟੀਬੀ ਬਾਰੇ ਗਿਆਨ ਵਿੱਚ ਵਾਧਾ ਕੀਤਾ, ਸਗੋਂ ਉਨ੍ਹਾਂ ਨੂੰ ਸਿਹਤ ਸਬੰਧੀ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਬਣਾਇਆ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਸਫਲ ਆਯੋਜਨ ਲਈ ਡਾ. ਸੰਗੀਤਾ, ਪ੍ਰਿੰਸੀਪਲ ਨੇ ਹਸਪਤਾਲ ਐਡਮਿਨਿਸਟਰੇਸ਼ਨ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਸਾਨੀਆ ਗਿੱਲ, ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।