- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਈਰਨ ਵੱਜਦਿਆਂ ਹੀ ਫਿਰੋਜ਼ਪੁਰ ’ਚ ਛਾ ਗਿਆ ਹਨੇਰਾ

ਲੀਡ...)
-ਖ਼ਤਰੇ ਦਾ ਸਾਇਰਨ ਅਣਡਿੱਠਾ ਕਰਕੇ ਬਾਹਰ ਨਿਕਲਣ ਵਾਲੇ ਹੋਏ ਹਮਲੇ ਦਾ ਸ਼ਿਕਾਰ, ਸਿਵਲ ਡਿਫੈਂਸ ਤੇ ਹੋਮਗਾਰਡਾਂ ਨੇ ਜ਼ਖ਼ਮੀਆਂ ਨੂੰ ਪਹੁੰਚਾਇਆ ਹਸਪਤਾਲ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ ; ਜੰਗ ਜਾਂ ਹਵਾਈ ਹਮਲੇ ਵਰਗੀ ਐਮਰਜੈਂਸੀ ਸਥਿਤੀ ਦੌਰਾਨ ਆਮ ਲੋਕਾਂ ਨੂੰ ਕਿਵੇਂ ਆਪਣੀ ਜਾਨ ਬਚਾਉਣੀ ਹੈ ਤੇ ਸਰਕਾਰੀ ਬਚਾਅ ਟੀਮਾਂ ਕਿਸ ਤਰ੍ਹਾਂ ਰਾਹਤ ਕਾਰਜ ਚਲਾਉਂਦੀਆਂ ਹਨ, ਇਸ ਦੀ ਝਲਕ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੀ ਪੁੱਡਾ ਮਾਰਕੀਟ, ਹਾਊਸਿੰਗ ਬੋਰਡ ਵਿਖੇ ਕਰਵਾਈ ਗਈ 'ਬਲੈਕ ਆਊਟ' ਮੌਕ ਡਰਿੱਲ ਦੌਰਾਨ ਵੇਖਣ ਨੂੰ ਮਿਲੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਈ ਇਸ ਮੌਕ ਡਰਿੱਲ ’ਚ ਹਵਾਈ ਹਮਲੇ, ਡਰੋਨ ਅਟੈਕ, ਬੰਬਾਰੀ, ਅੱਗ ਲੱਗਣ ਤੇ ਜ਼ਖ਼ਮੀਆਂ ਨੂੰ ਰੈਸਕਿਊ ਕਰਨ ਤੱਕ ਦੀਆਂ ਤਸਵੀਰਾਂ ਇਸ ਤਰ੍ਹਾਂ ਸਾਕਾਰ ਕੀਤੀਆਂ ਕਿ ਕੁਝ ਸਮੇਂ ਲਈ ਇਹ ਅਭਿਆਸ ਨਹੀਂ, ਸਗੋਂ ਅਸਲ ਹਮਲਾ ਮਹਿਸੂਸ ਹੋਣ ਲੱਗਾ। ਮੌਕ ਡਰਿੱਲ ਦੌਰਾਨ ਰਾਤ 8 ਵਜੇ ਨਿਰਧਾਰਤ ਸਮੇਂ ’ਤੇ ਪੂਰੇ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਦੋ ਮਿੰਟ ਤੱਕ ਲੋਅ ਅਤੇ ਹਾਈ ਪਿੱਚ ’ਤੇ ਖ਼ਤਰੇ ਦਾ ਸਾਈਰਨ ਗੂੰਜਦਾ ਰਿਹਾ। ਸਾਇਰਨ ਵੱਜਦਿਆਂ ਹੀ ਇਲਾਕੇ ਵਿੱਚ ਬਲੈਕ ਆਊਟ ਹੋ ਗਿਆ ਤੇ ਹਵਾਈ ਹਮਲੇ ਤੇ ਡਰੋਨ ਹਮਲੇ ਦੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਇਸ ਦੌਰਾਨ ਲੋਕਾਂ ਨੂੰ ਹਨੇਰੇ ਵਿੱਚ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਰੌਸ਼ਨੀ ਬਾਹਰ ਨਾ ਆਉਣ ਦੇਣ ਦਾ ਸੰਦੇਸ਼ ਦਿੱਤਾ ਗਿਆ। ਕੰਟਰੋਲਰ ਸਿਵਲ ਡਿਫੈਂਸ ਦੀਪਸ਼ਿਖਾ ਸ਼ਰਮਾ ਦੀ ਅਗਵਾਈ ਹੇਠ ਹੋਈ ਇਸ ਮੌਕ ਡਰਿੱਲ ਵਿੱਚ ਸਾਇਰਨ, ਬਲੈਕ ਆਊਟ, ਧਮਾਕਿਆਂ, ਡਰੋਨ ਹਮਲੇ ਅਤੇ ਰੈਸਕਿਊ ਕਾਰਵਾਈਆਂ ਦਾ ਤਾਲਮੇਲ ਖ਼ਾਸ ਖਿੱਚ ਦਾ ਕੇਂਦਰ ਰਿਹਾ। ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਮੌਕ ਡਰਿੱਲ ਦਾ ਮੁੱਖ ਉਦੇਸ਼ ਐਮਰਜੈਂਸੀ ਹਾਲਾਤ ’ਚ ਲੋਕਾਂ ਨੂੰ ਸੁਰੱਖਿਆ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਵੱਖ-ਵੱਖ ਬਚਾਅ ਏਜੰਸੀਆਂ ਦੀ ਤਿਆਰੀ ਤੇ ਆਪਸੀ ਤਾਲਮੇਲ ਨੂੰ ਪਰਖਣਾ ਸੀ।
-ਬਾਕਸ-
-ਰੌਸ਼ਨੀ ਨਜ਼ਰ ਆਉਂਦਿਆਂ ਹੀ ਹੋ ਗਿਆ ਡਰੋਨ ਅਟੈਕ
ਮੌਕ ਡਰਿੱਲ ਦਾ ਸਭ ਤੋਂ ਦਿਲਚਸਪ ਅਤੇ ਸਬਕ ਦੇਣ ਵਾਲਾ ਪੜਾਅ ਰਾਤ ਕਰੀਬ 8 ਵੱਜ ਕੇ 8 ਮਿੰਟ ’ਤੇ ਸਾਹਮਣੇ ਆਇਆ, ਜਦੋਂ ਕੁਝ ਲੋਕਾਂ ਵੱਲੋਂ ਖ਼ਤਰੇ ਦੀ ਚਿਤਾਵਨੀ ਨੂੰ ਅਣਡਿੱਠਾ ਕਰਦਿਆਂ ਰੌਸ਼ਨੀ ਕੀਤੀ। ਜਿਸ ਥਾਂ ਤੋਂ ਰੌਸ਼ਨੀ ਨਜ਼ਰ ਆਈ, ਉੱਥੇ ਕੁਝ ਹੀ ਸਮੇਂ ਬਾਅਦ ਡਰੋਨ ਹਮਲੇ ਦਾ ਦ੍ਰਿਸ਼ ਸਾਕਾਰ ਕੀਤਾ ਗਿਆ। ਬੰਬਾਰੀ ਦੇ ਧਮਾਕਿਆਂ ਨਾਲ ਇਲਾਕੇ ਵਿੱਚ ਅੱਗ ਲੱਗਣ ਦੀ ਸਥਿਤੀ ਪੈਦਾ ਹੋ ਗਈ। ਇੱਕ ਝੁੱਗੀ ’ਚ ਅੱਗ ਲੱਗਣ ਤੋਂ ਬਾਅਦ ਉੱਥੋਂ ਕੁਝ ਲੋਕ ਜ਼ਖ਼ਮੀ ਹਾਲਤ ਵਿੱਚ ਬਾਹਰ ਨਿਕਲ ਕੇ ਤੜਫਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਹੋਰ ਥਾਵਾਂ ’ਤੇ ਵੀ ਅਣਗਹਿਲੀ ਕਾਰਨ ਡਰੋਨ ਹਮਲੇ ਦੀ ਲਪੇਟ ਵਿੱਚ ਆਏ ਜ਼ਖ਼ਮੀਆਂ ਦੇ ਦ੍ਰਿਸ਼ ਪੇਸ਼ ਕੀਤੇ। ਇਸ ਅਭਿਆਸ ਰਾਹੀਂ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਜੰਗ ਜਾਂ ਹਵਾਈ ਹਮਲੇ ਦੀ ਚਿਤਾਵਨੀ ਦੌਰਾਨ ਛੋਟੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ।
-ਬਾਕਸ-
-ਸਾਇਰਨ ਬਦਲਦਿਆਂ ਹੀ ਸ਼ੁਰੂ ਹੋਇਆ ਰੈਸਕਿਊ ਆਪ੍ਰੇਸ਼ਨ
-ਹਮਲੇ ਦਾ ਖ਼ਤਰਾ ਟਲਣ ਅਤੇ ਜਹਾਜ਼ਾਂ ਦੇ ਇਲਾਕੇ ਵਿੱਚੋਂ ਚਲੇ ਜਾਣ ਦਾ ਸੰਕੇਤ ਮਿਲਦੇ ਹੀ ਇਕੋ ਪਿੱਚ ’ਤੇ 'ਆਲ ਇਜ਼ ਵੈੱਲ' ਦਾ ਸਾਈਰਨ ਵਜਾਇਆ ਗਿਆ। ਇਸ ਤੋਂ ਬਾਅਦ ਬਿਜਲੀ ਬਹਾਲ ਹੋਣ ’ਤੇ ਵੱਖ-ਵੱਖ ਥਾਵਾਂ ’ਤੇ ਜ਼ਖ਼ਮੀ ਪਏ ਲੋਕਾਂ ਦਾ ਸਿਵਲ ਡਿਫੈਂਸ, ਹੋਮਗਾਰਡ ਅਤੇ ਐਨਸੀਸੀ ਦੀਆਂ ਟੀਮਾਂ ਨੇ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਦੀ ਹਾਲਤ ਅਨੁਸਾਰ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਕੇਂਦਰ ਤੱਕ ਪਹੁੰਚਾਇਆ ਗਿਆ।ਦੂਜੇ ਪਾਸੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ਬੁਝਾਉਣ ਦਾ ਮੋਰਚਾ ਸੰਭਾਲਿਆ।