ਜ਼ੀਰਾ ’ਚ ਅੱਗ ਦੀ ਲਪੇਟ ’ਚ ਆਇਆ ਸੀਐੱਸਸੀ ਸੈਂਟਰ, ਲੱਖਾਂ ਦਾ ਸਾਮਾਨ ਸੜ ਕੇ ਸੁਆਹ ਜ਼ੀਰਾ ’ਚ ਅੱਗ ਦੀ ਲਪੇਟ ’ਚ ਆਇਆ ਸੀਐੱਸਸੀ ਸੈਂਟਰ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Mon, 02 Nov 2026 03:33 PM (IST)
Updated Date: Mon, 02 Nov 2026 03:35 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਮੱਲਾਂਵਾਲਾ ਰੋਡ ਸਥਿਤ ਇਕ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨੇ ਪਲਾਂ ਵਿਚ ਹੀ ਲੱਖਾਂ ਰੁਪਏ ਦਾ ਸਾਮਾਨ ਸਾੜ ਕੇ ਸੁਆਹ ਕਰ ਦਿੱਤਾ। ਰਾਤ ਕਰੀਬ ਇਕ ਵਜੇ ਵਾਪਰੀ ਇਸ ਘਟਨਾ ਵਿਚ ਸੈਂਟਰ ਮਾਲਕ ਦਾ ਦਸ ਲੱਖ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਅਨੁਮਾਨ ਹੈ। ਘਟਨਾ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਨਾ ਪਹੁੰਚਣ ਦੇ ਲਗਾਏ ਗਏ ਦੋਸ਼ਾਂ ਨੇ ਨਗਰ ਕੌਂਸਲ ਦੀ ਐਮਰਜੈਂਸੀ ਸੇਵਾ ਪ੍ਰਤੀ ਜਵਾਬਦੇਹੀ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲਿਆ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਮਾਲਕ ਗੁਰਚਰਨ ਸਿੰਘ ਨੇ ਦੋਸ਼ ਲਾਇਆ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਵਾਰ-ਵਾਰ ਫੋਨ ਕਰਕੇ ਸੂਚਿਤ ਕੀਤਾ ਗਿਆ ਅਤੇ ਮੱਦਦ ਲਈ ਨਗਰ ਕੌਂਸਲ ਦਾ ਦਰਵਾਜ਼ਾ ਵੀ ਖੜਕਾਇਆ ਗਿਆ, ਪਰ ਇਸ ਦੇ ਬਾਵਜੂਦ ਸਵੇਰੇ 10.30 ਵਜੇ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਅੱਗ ਬੁਝਾਊ ਗੱਡੀ ਪਹੁੰਚ ਜਾਂਦੀ ਤਾਂ ਸ਼ਾਇਦ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਕਾਫ਼ੀ ਜੱਦੋ-ਜਹਿਦ ਕਰਨ ਉਪਰੰਤ ਅੱਗ ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਚਾਰ ਲੈਪਟਾਪ, ਦੋ ਪੀਵੀਸੀ ਮਸ਼ੀਨਾਂ, ਦੋ ਕੰਪਿਊਟਰ, ਦੋ ਏ.ਸੀ., ਦੋ ਪ੍ਰਿੰਟਰ, ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਪੂਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਾ ਸੀ। ਉਨ੍ਹਾਂ ਮੁਤਾਬਕ ਇਸ ਅੱਗ ਕਾਰਨ ਉਨ੍ਹਾਂ ਨੂੰ ਕਰੀਬ ਦਸ ਲੱਖ ਰੁਪਏ ਦਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਨਗਰ ਕੌਂਸਲ ਜ਼ੀਰਾ ਦੇ ਕਾਰਜਸਾਧਕ ਅਫ਼ਸਰ (ਈਓ) ਨਾਲ ਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ ਸਬੰਧੀ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਲੱਗਣ ਵਾਲੀ ਥਾਂ ’ਤੇ ਤੁਰੰਤ ਪਹੁੰਚ ਜਾਂਦੇ ਹਨ।