ਸੈਂਟਰਲ ਕੋਆਪਰੇਟਿਵ ਬੈਂਕ ਫਿਰੋਜ਼ਪੁਰ ਦੇ ਗੇਟ ਅੱਗੇ ਸਹਿਕਾਰੀ ਸਭਾਵਾਂ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ ਸੈਂਟਰਲ ਕੋਆਪਰੇਟਿਵ ਬੈਂਕ ਫਿਰੋਜ਼ਪੁਰ ਦੇ ਗੇਟ ਅੱਗੇ ਸਹਿਕਾਰੀ ਸਭਾਵਾਂ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ
Publish Date: Wed, 14 Oct 2026 05:44 PM (IST)
Updated Date: Wed, 14 Oct 2026 05:45 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸੈਂਟਰਲ ਕੋਆਪਰੇਟਿਵ ਬੈਂਕ ਫਿਰੋਜ਼ਪੁਰ ਦੇ ਮੁੱਖ ਗੇਟ ਅੱਗੇ ਜ਼ੋਰਦਾਰ ਧਰਨਾ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ। ਯੂਨੀਅਨ ਨੇ ਬੈਂਕ ਪ੍ਰਬੰਧਕਾਂ ’ ਦੋਸ਼ ਲਾਇਆ ਹੈ ਕਿ ਬੈਂਕ ਵੱਲੋਂ ਕਿਸਾਨਾਂ ਅਤੇ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰਾਂ ਉੱਤੇ 1 ਅਕਤੂਬਰ 2026 ਨੂੰ ਗਲਤ ਅਤੇ ਅਣਅਧਿਕਾਰਤ ਤਰੀਕੇ ਨਾਲ ਲਗਭਗ 1,45,00,000 ਰੁਪਏ (1 ਕਰੋੜ 45 ਲੱਖ) ਵਿਆਜ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਕਰਮਚਾਰੀਆਂ ਅਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਪ੍ਰਦਰਸ਼ਨ ਕਰਦਿਆਂ ਯੂਨੀਅਨ ਆਗੂਆਂ ਨੇ ਆਖਿਆ ਕਿ ਅਪ੍ਰੈਲ 2026 ਵਿੱਚ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਲਈ ਨਵੀਂ ਕੇ.ਸੀ.ਸੀ. ਪਾਲਸੀ ਜਾਰੀ ਕੀਤੀ ਗਈ ਸੀ। ਇਸ ਪਾਲਸੀ ਤੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਕਿ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕਰਨ ਲਈ ਕੋਆਪਰੇਟਿਵ ਬੈਂਕਾਂ ਰਾਹੀਂ ਘੱਟ ਵਿਆਜ ’ਤੇ ਕਰਜ਼ੇ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਪਰ ਇਸਦੇ ਉਲਟ, ਸੈਂਟਰਲ ਕੋਆਪਰੇਟਿਵ ਬੈਂਕ ਫਿਰੋਜ਼ਪੁਰ ਵੱਲੋਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਮੈਂਬਰਾਂ ਨੂੰ ਕੇ.ਸੀ.ਸੀ. ਪਾਲਸੀ ਤੋਂ ਬਾਹਰ ਕਰਦਿਆਂ ਪ੍ਰਾਈਵੇਟ ਬੈਂਕਾਂ ਦੀ ਤਰਜ਼ ’ਤੇ ਵਿਆਜ ਲਗਾ ਦਿੱਤਾ ਗਿਆ ਹੈ, ਜਿਸ ਨਾਲ ਸਰਕਾਰ ਦੇ ਉਪਰਾਲਿਆਂ ਨੂੰ ਵੱਡਾ ਝਟਕਾ ਲੱਗਾ ਹੈ।ਯੂਨੀਅਨ ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਲਗਾਤਾਰ ਉੱਚ ਅਧਿਕਾਰੀਆਂ ਨੂੰ ਮੈਮੋਰੰਡਮ ਦੇ ਕੇ ਅਤੇ ਫੋਨ ਰਾਹੀਂ ਇਹ ਵਾਧੂ ਵਿਆਜ ਦੀ ਰਕਮ ਵਾਪਸ ਲੈਣ ਦੀ ਬੇਨਤੀ ਕੀਤੀ ਗਈ ਸੀ, ਪਰ ਬੈਂਕ ਪ੍ਰਬੰਧਕਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਆਪਣੇ ਕਿਸਾਨ ਮੈਂਬਰਾਂ ਅਤੇ ਸਭਾਵਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਯੂਨੀਅਨ ਨੇ ਬੈਂਕ ਖ਼ਿਲਾਫ਼ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬੈਂਕ ਵੱਲੋਂ ਇਹ ਆਰਥਿਕ ਲੁੱਟ ਬੰਦ ਨਾ ਕੀਤੀ ਗਈ ਤਾਂ ਯੂਨੀਅਨ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਕਰਦਿਆਂ ਪ੍ਰੈੱਸ ਅਤੇ ਲੋਕਾਂ ਦਾ ਸਹਿਯੋਗ ਲਵੇਗੀ। ਇਸ ਮੌਕੇ ਗੁਰਦੇਵ ਸਿੰਘ ਸਿੱਧੂ ਸੂਬਾ ਕਮੇਟੀ ਮੈਂਬਰ,ਜਸਵੀਰ ਸਿੰਘ ਲੋਹਗੜ ਸਰਪਰਸਤ,ਲਾਲਜੀਤ ਸਿੰਘ ਵੜਿੰਗ ਜ਼ਿਲਾ ਪ੍ਰਧਾਨ, ਬਲਜਿੰਦਰ ਸਿੰਘ ਢੇਰੂ ਮੀਤ ਪ੍ਰਧਾਨ, ਕਮਲਜੀਤ ਸਿੰਘ ਸੋਨੂ ਮਖੂ ਜਨਰਲ ਸਕੱਤਰ,ਸਿਮਰਜੀਤ ਸਿੰਘ ਜੀਰਾ ਕੈਸ਼ੀਅਰ,ਗੁਰਬਖਸ਼ ਸਿੰਘ ਜੀਰਾ, ਬਖਸ਼ੀਸ਼ ਸਿੰਘ ਸਿੱਧੂ ਡੈਲੀਗੇਟ ਸਟੇਟ ਕਮੇਟੀ, ਸ੍ਰੀ ਅਮਰਿੰਦਰ ਸਿੰਘ ਮੱਖੂ, ਦਵਿੰਦਰ ਸਿੰਘ ਜੀਰਾ, ਪਰਮਿੰਦਰ ਸਿੰਘ ਚੰਗਾਲੀ, ਰਾਹੁਲ ਚੋਪੜਾ ਢੀਂਢਸਾ, ਪਰਮਿੰਦਰ ਸਿੰਘ ਮਮਦੋਟ, ਰਵਿੰਦਰ ਸਿੰਘ ਸੋਹਨਗੜ੍ਹ ਬਲਾਕ ਪ੍ਰਧਾਨ ਸਮੇਤ ਵੱਡੀ ਗਿਣਤੀ ਵਿੱਚ ਸਭਾਵਾਂ ਦੇ ਮੈਂਬਰ ਅਤੇ ਕਿਸਾਨ ਹਾਜ਼ਰ ਸਨ।