ਰਾਜ਼ੀਨਾਮੇ ਮਗਰੋਂ ਮੁੜ ਭੜਕਿਆ ਵਿਵਾਦ, ਨੌਜਵਾਨ ਦੀ ਲੱਤ ’ਚ ਲੱਗੀ ਗੋਲ਼ੀ ਰਾਜੀ ਨਾਵੇ ਮਗਰੋਂ ਮੁੜ ਭੜਕਿਆ ਵਿਵਾਦ ਘਰ ਵਿੱਚ ਦਾਖਲ ਹੋ ਕੇ ਹਮਲਾ ਨੌਜਵਾਨ ਦੀ ਲੱਤ ਚ ਲੱਗੀ ਗੋਲੀ
Publish Date: Tue, 01 Sep 2026 08:10 PM (IST)
Updated Date: Tue, 01 Sep 2026 08:13 PM (IST)
ਗੌਰਵ ਗੌੜ ਜੌਲੀ ਪੰਜਾਬੀ ਜਾਗਰਣ ਜ਼ੀਰਾ : ਮੱਲਾਂ ਵਾਲਾ ਅਧੀਨ ਆਉਂਦੀ ਬਸਤੀ ਕੇ ਵਿੱਚ ਪੁਰਾਣੇ ਝਗੜੇ ਤੋਂ ਬਾਅਦ ਹੋਇਆ ਰਾਜ਼ੀਨਾਮਾ ਉਸ ਸਮੇਂ ਮੁੜ ਵਿਵਾਦ ਵਿੱਚ ਬਦਲ ਗਿਆ, ਜਦੋਂ ਮੋਬਾਈਲ ’ਤੇ ਲਗਾਏ ਗਏ ਇੱਕ ਸਟੇਟਸ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਮਾਮਲਾ ਇੰਨਾ ਵਧ ਗਿਆ ਕਿ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ। ਸਾਬਕਾ ਸਰਪੰਚ ਵਿਸਾਖਾ ਸਿੰਘ ਉਰਫ ਲਾਡੀ ਬਸਤੀ ਖਾਨ ਕੇ ਮੱਲਾਂਵਾਲਾ ਨੇ ਦੱਸਿਆ ਕਿ ਉਸ ਦੇ ਭਤੀਜੇ ਸਾਜਨ ਦੀ ਸੱਜੀ ਲੱਤ ’ਚ ਗੋਲੀ ਲੱਗ ਗਈ। ਉਨ੍ਹਾਂ ਦੱਸਿਆ ਕਿ ਲਗਭਗ 15 ਦਿਨ ਪਹਿਲਾਂ ਬਸਤੀ ਵਿੱਚ ਉਨ੍ਹਾਂ ਦੇ ਪਰਿਵਾਰ ਤੇ ਗੁਆਂਢੀਆਂ ਵਿਚਕਾਰ ਤਕਰਾਰ ਹੋ ਗਈ ਸੀ। ਇਸ ਘਟਨਾ ਵਿੱਚ ਦੋਵੇਂ ਪਾਸਿਆਂ ਦੇ ਵਿਅਕਤੀ ਜ਼ਖਮੀ ਹੋਏ ਸਨ ਪਰ ਬਾਅਦ ਵਿੱਚ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਸੀ। ਪੁਰਾਣੇ ਝਗੜੇ ਨਾਲ ਸਬੰਧਤ ਦੂਜੀ ਧਿਰ ਦਾ ਇੱਕ ਨੌਜਵਾਨ ਆਪਣੇ ਮੋਬਾਈਲ ਦੇ ਸਟੇਟਸ ’ਤੇ ਕੁਝ ਸਮੱਗਰੀ ਸਾਂਝੀ ਕਰ ਰਿਹਾ ਸੀ, ਪਰਿਵਾਰ ਵੱਲੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ’ਤੇ ਕਥਿਤ ਤੌਰ ’ਤੇ ਬਹਿਸ ਹੋ ਗਈ। ਇਸ ਤੋਂ ਕੁਝ ਸਮੇਂ ਬਾਅਦ ਕਈ ਨੌਜਵਾਨ ਉਨ੍ਹਾਂ ਦੇ ਘਰ ਅੰਦਰ ਆ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਪਰਿਵਾਰਕ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਇੱਕ ਵਿਅਕਤੀ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਸਾਜਨ ਦੀ ਸੱਜੀ ਲੱਤ ਜ਼ਖਮੀ ਹੋ ਗਈ। ਮਾਮਲੇ ਸਬੰਧੀ ਪੁਲਿਸ ਕਾਰਵਾਈ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪਸ਼ਟ ਹੋਵੇਗੀ