- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂਹਰਸਹਾਏ ਵਿਖੇ ਹਲਕਾ ਪੱਧਰੀ ਚੋਣ ਸਾਖਰਤਾ ਮੁਕਾਬਲੇ ਕਰਵਾਏ ਗਏ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਦੀ ਰਹਿਨੁਮਾਈ, ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਐੱਸ.ਡੀ.ਐੱਮ. ਗੁਰੂਹਰਸਹਾਏ ਹਰਦੀਪ ਸਿੰਘ ਦੀ ਅਗਵਾਈ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਦੇ ਹਲਕਾ ਪੱਧਰੀ ਚੋਣ ਸਾਖਰਤਾ ਕਲੱਬ ਮੁਕਾਬਲੇ ਸਕੂਲ ਆਫ਼ ਐਮੀਨੈਂਸ, ਗੁਰੂਹਰਸਹਾਏ ਵਿਖੇ ਕਰਵਾਏ ਗਏ। ਪ੍ਰਿੰਸੀਪਲ ਕਰਨ ਸਿੰਘ ਧਾਲੀਵਾਲ, ਸੁਪਰਡੈਂਟ ਕੇਵਲ ਕ੍ਰਿਸ਼ਨ ਦੀ ਦੇਖ-ਰੇਖ ਅਤੇ ਹਲਕਾ ਸਵੀਪ ਕੋਆਰਡੀਨੇਟਰ ਪਰਵਿੰਦਰ ਸਿੰਘ ਦੇ ਤਾਲਮੇਲ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ 6 ਸਕੂਲਾਂ ਅਤੇ 3 ਕਾਲਜਾਂ ਦੇ ਕੁੱਲ 28 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਲੇਖ ਲਿਖਣ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ‘ਸ਼ੁੱਧ ਵੋਟਰ ਸੂਚੀ ਦਾ ਮਹੱਤਵ’ ਅਤੇ ‘ਵੋਟ ਪਾਉਣ ਦਾ ਮਹੱਤਵ’ ਵਿਸ਼ਿਆਂ ਉੱਤੇ ਆਪਣੇ ਵਿਚਾਰ ਪੇਸ਼ ਕੀਤੇ। ਕੁਇਜ਼ ਮੁਕਾਬਲੇ ਲਈ ਪਹਿਲਾਂ ਸਕ੍ਰੀਨਿੰਗ ਟੈਸਟ ਲਿਆ ਗਿਆ, ਉਪਰੰਤ ਚਾਰ ਰਾਊਂਡਾਂ ਵਿੱਚ ਵੋਟਰ ਰਜਿਸਟ੍ਰੇਸ਼ਨ, ਵੋਟਰ ਸੂਚੀ ਦੀ ਤਿਆਰੀ, ਈ.ਵੀ.ਐਮ ਅਤੇ ਵੀ.ਵੀ.ਪੈਟ, ਮਤਦਾਨ ਪ੍ਰਕਿਰਿਆ ਅਤੇ ਵੋਟਾਂ ਦੀ ਗਿਣਤੀ ਨਾਲ ਸਬੰਧਤ ਪ੍ਰਸ਼ਨਾਂ ਰਾਹੀਂ ਵਿਦਿਆਰਥੀਆਂ ਦੀ ਚੋਣ ਪ੍ਰਣਾਲੀ ਬਾਰੇ ਜਾਣਕਾਰੀ ਪਰਖੀ ਗਈ। ਸਕੂਲ ਵਰਗ ਦੇ ਲੇਖ ਲਿਖਣ ਮੁਕਾਬਲੇ ਵਿੱਚ ਸਕੂਲ ਆਫ਼ ਐਮੀਨੈਂਸ ਗੁਰੂਹਰਸਹਾਏ ਦੀਆਂ ਮਾਨਵਤੀ ਅਤੇ ਮਨਪ੍ਰੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜੇ ਕੇ ਉਤਾੜ ਦੀਆਂ ਸਿਮਰਨਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਸਾਂਝੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਦੇ ਪਰਗਟ ਸਾਹਿਬ ਸਿੰਘ ਅਤੇ ਰਜਨੀ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਖੁੰਦਰ ਉਤਾੜ ਦੇ ਲਖਵਿੰਦਰ ਸਿੰਘ ਅਤੇ ਰਿੰਕੂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੋ ਕੇ ਬਹਿਰਾਮ ਦੀਆਂ ਮੁਸਕਾਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਮੋਹਨ ਕੇ ਹਿਠਾੜ ਦੀਆਂ ਸੋਨਿਕਾ ਅਤੇ ਸੀਰਤ ਨੇ ਦੂਜਾ ਅਤੇ ਸਕੂਲ ਆਫ਼ ਐਮੀਨੈਂਸ ਗੁਰੂਹਰਸਹਾਏ ਦੇ ਪ੍ਰਤਿੱਗਿਆ ਅਤੇ ਆਰੀਅਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।