- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸ਼ੋਕ ਸਚਦੇਵਾ ਬਣੇ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ

- ‘ਸ਼ਹਿ ਅਤੇ ਮਾਤ’ ਦੀ ਖੇਡ ’ਚ ਪਰਮਿੰਦਰ ਸਿੰਘ ਪਿੰਕੀ ਨੇ ਕੀਤੀ ‘ਚੈੱਕ ਐਂਡ ਮੇਟ’
- ਬੋਹੜ ਸਿੰਘ ਬੀਕਾਨੇਰੀਆ ਸੀਨੀਅਰ ਮੀਤ ਪ੍ਰਧਾਨ, ਮਨੀ ਖੋਖਰ ਮੀਤ ਪ੍ਰਧਾਨ
- ਭਾਜਪਾ ਕੌਂਸਲਰਾਂ ਵੱਲੋਂ ਚੋਣ ਪ੍ਰਕਿਰਿਆ ਤੋਂ ਦੂਰ ਰੱਖਣ ਦੇ ਲਗਾਏ ਦੋਸ਼
- ਸਾਨੂੰ ਚੋਣ ਦਾ ਹਿੱਸਾ ਹੀ ਨਹੀਂ ਬਣਾਇਆ, ਇਕ ਪਾਸੇ ਕਮਰੇ ’ਚ ਬਿਠਾ ਕੇ ਰੱਖਿਆ ਅਤੇ ਬਾਅਦ ਵਿੱਚ ਬਾਹਰ ਭੇਜ ਦਿੱਤਾ : ਦਵਿੰਦਰ ਬਜਾਜ, ਭਾਜਪਾਈ ਕੌਂਸਲਰ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਨਗਰ ਕੌਂਸਲ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ‘ਸ਼ਹਿ ਅਤੇ ਮਾਤ’ ਦੀ ਖੇਡ ’ਚ ਬਾਜੀ ਮਾਰਦਿਆਂ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਖਰ ਆਪਣੇ ਕਰੀਬੀ ਅਸ਼ੋਕ ਸਚਦੇਵਾ ਨੂੰ ਪ੍ਰਧਾਨ ਬਨਾਉਣ ਵਿੱਚ ਕਾਮਯਾਬ ਹੋ ਹੀ ਗਏ । ਬੀਤੇ ਕਈ ਦਿਨਾਂ ਤੋਂ ਚੱਲ ਰਹੀ ਇਸ ਸਿਆਸੀ ਸ਼ਤਰੰਜ ਵਿੱਚ ਜਿਥੇ ਚੋਣਾਂ ਵਾਲੇ ਦਿਨ ਤੱਕ ਮੈਚ ਬਰਾਬਰ ਫਸਿਆ ਹੋਇਆ ਨਜ਼ਰ ਆ ਰਿਹਾ ਸੀ ,ਉਥੇ ਆਪ ਅਤੇ ਭਾਜਪਾ ਕੌਂਸਲਰਾਂ ਦਾ ਤੈਅ ਸਮੇਂ ਤੋਂ ਕਾਫੀ ਲੇਟ ਪਹੁੰਚਣਾ ਅਤੇ ਡਰਾਮਈ ਢੰਗ ਨਾਲ ਭਾਜਪਾਈ ਕੌਂਸਲਰਾਂ ਨੂੰ ਵੋਟਿੰਗ ਤੋਂ ਬਾਹਰ ਰੱਖਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਖਰ ਬਾਹਰ ਆਏ ਨਤੀਜੇ ਮੁਤਾਬਕ ਕਾਂਗਰਸ ਦੇ ਅਸ਼ੋਕ ਸੱਚਦੇਵਾ ਨੂੰ ਪ੍ਰਧਾਨ ਐਲਾਣ ਦਿੱਤਾ ਗਿਆ ਜਦਕਿ ਸੀਨੀਅਰ ਕਾਂਗਰਸੀ ਆਗੂ ਬੋਹੜ ਸਿੰਘ ਬੀਕਾਨੇਰੀਆ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮਨੀ ਖੋਖਰ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ । ਅਸ਼ੋਕ ਸਚਦੇਵਾ ਦੇ ਪ੍ਰਧਾਨ ਬਣਨ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਢੋਲ-ਧਮਾਕਿਆਂ ਅਤੇ ਲੱਡੂ ਵੰਡ ਕੇ ਇਸ ਜਿੱਤ ਦਾ ਜਸ਼ਨ ਮਨਾਇਆ।
ਇਸ ਮੌਕੇ ਫ਼ਿਰੋਜ਼ਪੁਰ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਨਵੇਂ ਪ੍ਰਧਾਨ ਅਸ਼ੋਕ ਸਚਦੇਵਾ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸ਼ੋਕ ਸਚਦੇਵਾ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਬਿਨਾਂ ਕਿਸੇ ਪੱਖਪਾਤ ਦੇ ਸ਼ਹਿਰ ਦੇ ਹਰ ਵਾਰਡ ਵਿੱਚ ਬੁਨਿਆਦੀ ਸਹੂਲਤਾਂ ਜਿਵੇਂ ਕਿ ਸਾਫ਼ ਪਾਣੀ, ਸੜਕਾਂ, ਸਟ੍ਰੀਟ ਲਾਈਟਾਂ ਅਤੇ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਰਹੇਗੀ। ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਦੇ ਐੱਸ.ਡੀ.ਐੱਮ. ਨੇ ਦੱਸਿਆ ਕਿ ਪ੍ਰਧਾਨਗੀ ਦੀ ਇਹ ਚੋਣ ਪੂਰੀ ਤਰ੍ਹਾਂ ਕਾਨੂੰਨੀ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹਾਈ ਗਈ ਹੈ। ਸਾਰੇ ਕੌਂਸਲਰਾਂ ਦੀ ਸਹਿਮਤੀ ਅਤੇ ਨਿਯਮਾਂ ਅਨੁਸਾਰ ਹੀ ਅਸ਼ੋਕ ਸਚਦੇਵਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਫ਼ਿਰੋਜ਼ਪੁਰ ਨਗਰ ਕੌਂਸਲ ਦੇ ਦਲਗਤ ਸਮੀਕਰਨਾਂ ’ਚ ਇੱਥੇ ਕਾਂਗਰਸ ਸਭ ਤੋਂ ਮਜ਼ਬੂਤ ਅਤੇ ਵੱਡੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਸ਼ਹਿਰ ਦੇ ਕੁੱਲ 33 ਵਾਰਡਾਂ ਵਿੱਚੋਂ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਸੀਟਾਂ ’ਤੇ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ। ਦੂਜੇ ਪਾਸੇ ਵਿਰੋਧੀ ਧਿਰਾਂ ਵਿੱਚੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਹਿੱਸੇ 7 ਸੀਟਾਂ , ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੂੰ 5 ਸੀਟਾਂ ਮਿਲੀਆਂ । ਇਸ ਤੋਂ ਇਲਾਵਾ ਆਜ਼ਾਦ ਤੌਰ 'ਤੇ ਲੜਨ ਵਾਲੇ ਸਮਾਜਸੇਵੀ ਚੰਦਨ ਚੰਦੂ ਗਰੁੱਪ ਦੇ 2 ਉਮੀਦਵਾਰ ਜੇਤੂ ਰਹੇ ਹਨ, ਜਦਕਿ ਬਹੁਜਨ ਸਮਾਜ ਪਾਰਟੀ (ਬਸਪਾ) ਵੀ 1 ਸੀਟ ਜਿੱਤਣ ਵਿੱਚ ਕਾਮਯਾਬ ਰਹੀ ਹੈ। ਕਾਂਗਰਸ ਪਾਰਟੀ ਕੋਲ ਸਪੱਸ਼ਟ ਬਹੁਮਤ ਹੋਣ ਕਰਕੇ ਪ੍ਰਧਾਨਗੀ ਦਾ ਤਾਜ ਉਨ੍ਹਾਂ ਦੇ ਸਿਰ ਸੱਜਣਾ ਤੈਅ ਸੀ, ਪਰ ਪਾਰਟੀ ਅੰਦਰੂਨੀ ਸਹਿਮਤੀ ਬਣਾਉਣ ਵਿੱਚ ਕੁਝ ਸਮਾਂ ਜ਼ਰੂਰ ਲੱਗਿਆ।
ਭਾਜਪਾ ਕੌਂਸਲਰਾਂ ਨੇ ਚੋਣ ਪ੍ਰਕਿਰਿਆ ਤੋਂ ਦੂਰ ਰੱਖਣ ਦੇ ਲਗਾਏ ਦੋਸ਼!
ਜ਼ਿਕਰਯੋਗ ਹੈ ਕਿ ਮਾਣਯੋਗ ਹਾਈਕੋਰਟ ਦੇ ਨਿਰਦੇਸ਼ਾਂ ’ਤੇ ਕਰਵਾਈ ਗਈ ਇਸ ਚੋਣ ਵਿੱਚ ਪ੍ਰਧਾਨ ਲਈ 3ਵਜੇ ਦਾ ਸਮਾਂ ਰੱਖਿਆ ਗਿਆ ਸੀ । ਸੱਭ ਤੋਂ ਪਹਿਲੋਂ ਕਾਂਗਰਸ ਦੇ 17 ਕੌਂਸਲਰ ਸਮਾਂ ਰਹਿੰਦਿਆਂ ਨਗਰ ਕੌਂਸਲ ਪਹੁੰਚ ਗਏ । ਇਸ ਦੌਰਾਨ ਆਪ ਵਿਧਾਇਕ ਆਪਣੇ ਪੰਜ ਕੌਂਸਲਰਾਂ ਨਾਲ ਅੰਦਰ ਚਲੇ ਗਏ।ਇਸ ਤੋਂ ਮਗਰੋਂ ਹੀ ਭਾਜਪਾ ਦੇ 7 ਕੌਂਸਲਰ ਅਤੇ ਅਜਾਦ ਕੌਂਸਲਰ ਵੀ ਨਗਰ ਕੌਂਸਲ ਦੇ ਅੰਦਰ ਜਾਂਦੇ ਹੋਏ ਵੇਖੇ ਗਏ।ਕੁੱਝ ਸਮੇਂ ਬਾਅਦ ਆਪ ਵਿਧਾਇਕ ਅਤੇ ਕੌਂਸਲਰ ਬਾਹਰ ਜਾਂਦੇ ਵੇਖੇ ਗਏ। ਇਸ ਤੋਂ ਬਾਅਦ ਭਾਜਪਾ ਦੇ 7 ਕੌਂਸਲਰ ਅਤੇ ਅਜਾਦ ਵੀ ਬਾਹਰ ਆ ਗਏ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਕੌਂਸਲਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕੌਂਸਲਰਾਂ ਨੂੰ ਵੱਖਰੇ ਕਮਰੇ ਵਿੱਚ ਬਿਠਾਈ ਰੱਖਿਆ ਅਤੇ ਬਾਅਦ ਵਿੱਚ ਇਹ ਆਖ ਕੇ ਜਾਣ ਲਈ ਕਹਿ ਦਿੱਤਾ ਕਿ ਹੁਣ ਜਾੳ ਤੂਹਾਨੂੰ ਬਾਅਦ ਵਿੱਚ ਦੱਸਾਂਗੇ । ਦਵਿੰਦਰ ਬਜਾਜ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਤੋਂ ਹੀ ਦੂਰ ਰੱਖਿਆ ਗਿਅ ਹੈ।
3 ਵਜੇ ਦਾ ਸਮਾਂ ਹੋਣ ਦੇ ਬਾਵਜੂਦ ਪੌਣੇ ਚਾਰ ਵਜੇ ਤੱਕ ਹੌਕਾ ਦਿੰਦੇ ਰਹੇ : ਐੱਸਡੀਐੱਮ!
ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਸਮਾਂ 3 ਵਜੇ ਦਾ ਰੱਖਿਆ ਗਿਆ ਸੀ। ਇਸ ਦੌਰਾਨ ਜਦੋਂ ਹਾਲ ਵਿੱਚ ਕੌਂਸਲਰ ਪੂਰੇ ਨਹੀਂ ਹੋਏ ਤਾਂ ਨਗਰ ਕੌਂਸਲ ਦਫਤਰ ਦੇ ਬਾਹਰੀ ਗੇਟ ਕੋਲ ਆ ਕੇ ਬਾਹਰ ਖੜੀ ਭੀੜ ਨੂੰ ਸੰਬੋਧਨ ਹੁੰਦਿਆਂ ਐਸਡੀਐਮ ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਅਵਾਜਾਂ ਮਾਰ ਮਾਰ ਕੇ ਪੁੱਛਦੇ ਰਹੇ ਕਿ ਬਾਹਰ ਕੋਈ ਕੌਂਸਲਰ ਰਹਿ ਗਿਆ ਹੈ ਤਾਂ ਅੰਦਰ ਆ ਜਾਵੇ।