- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੇ ਲਾਰਿਆਂ ਤੋਂ ਤੰਗ ਕੰਪਿਊਟਰ ਅਧਿਆਪਕ 12 ਜੁਲਾਈ ਨੂੰ ਵਿੱਤ ਮੰਤਰੀ ਦੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਦਿੜ੍ਹਬਾ ਰੈਲੀ ਦੇ ਸਬੰਧ ਵਿਚ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ, ਇਕਾਈ ਫਿਰੋਜ਼ਪੁਰ ਦੇ ਆਗੂਆਂ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਸੰਧੂ ਅਤੇ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਗਾਂਧੀ ਗਾਰਡਨ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਲਗਾਤਾਰ ਹੋ ਰਹੀ ਅਣਦੇਖੀ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਕੰਪਿਊਟਰ ਟੀਚਰਜ ਯੂਨੀਅਨ ਪੰਜਾਬ ਵੱਲੋਂ ਲਏ ਗਏ ਫੈਸਲੇ ਅਨੁਸਾਰ 12 ਜੁਲਾਈ ਨੂੰ ਵਿੱਤ ਮੰਤਰੀ ਦੇ ਹਲਕੇ ਦਿੜ੍ਹਬੇ ਵਿਚ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ 2 ਦਸੰਬਰ 2010 ਵਿਚ ਰਾਜਪਾਲ ਦੀ ਪ੍ਰਵਾਨਗੀ ਨਾਲ ਪੰਜਾਬ ਸਰਕਾਰ ਵੱਲੋਂ ਜਾਰੀ ਰੈਗੂਲਰ ਨੋਟੀਫਿਕੇਸ਼ਨ ਅਤੇ 2011 ਵਿਚ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ, ਸੋਸਾਇਟੀ (ਪੀਆਈਸੀਟੀਈਐੱਸ) ਦੇ ਨਾਂ ’ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਮਾਣਯੋਗ ਹਾਈਕੋਰਟ ਵਿਚ ਕੰਪਿਊਟਰ ਅਧਿਆਪਕਾਂ ਦੇ ਹੱਕ ਵਿਚ ਫੈਸਲਾ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਸੀਨੀਅਰ ਮੀਤ ਪ੍ਰਧਾਨ ਸਰਵਜੋਤ ਸਿੰਘ ਮੁੱਤੀ ਨੇ ਦੱਸਿਆ ਕਿ ਸਰਕਾਰ ਸਿਰਫ਼ ਵੋਟਾਂ ਵੇਲੇ ਵਾਅਦੇ ਕਰਦੀ ਹੈ ਪਰ ਅਮਲੀ ਰੂਪ ਵਿਚ ਹਮੇਸਾ ਉਨਾਂ ਨੂੰ ਲਾਗੂ ਕਰਨ ਤੋਂ ਭੱਜ ਜਾਂਦੀ ਹੈ। 6640 ਕੰਪਿਊਟਰ ਅਧਿਆਪਕ ਪਿਛਲੇ 21 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ ਪਰ ਰੈਗੂਲਰ ਨੋਟੀਫਿਕੇਸ਼ਨ ਅਤੇ ਨਿਯੁਕਤੀ ਪੱਤਰਾਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਨ ਬਿਨ ਲਾਗੂ ਨਹੀਂ ਕੀਤਾ ਹੈ। ਇਸ ਦੌਰਾਨ 114 ਕੰਪਿਊਟਰ ਅਧਿਆਪਕ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ ਅਤੇ 4 ਕੰਪਿਊਟਰ ਅਧਿਆਪਕ ਬਿਨ੍ਹਾ ਕੋਈ ਲਾਭ ਪ੍ਰਾਪਤ ਕੀਤੇ ਰਿਟਾਇਰ ਵੀ ਹੋ ਚੁੱਕੇ ਹਨ, ਪਰ ਉਨਾਂ ਦੇ ਪਰਿਵਾਰ ਅੱਜ ਵੀ ਸਮਾਜਿਕ ਸੁਰੱਖਿਆ ਅਤੇ ਬਣਦੇ ਹੱਕਾਂ ਲਈ ਤਰਸ ਰਹੇ ਹਨ। ਅਧਿਆਪਕਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ 2 ਦਸੰਬਰ 2010 ਦਾ ਨੋਟੀਫਿਕੇਸ਼ਨ, ਚੋਣ ਮੈਨੀਫੈਸਟੋ ਵਿੱਚ ਕੀਤਾ ਵਾਅਦਾ ਅਤੇ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਵੱਲੋ ਕੀਤਾ ਅਧਿਕਾਰਤ ਐਲਾਨ ਇਨ-ਬਿਨ ਲਾਗੂ ਨਹੀਂ ਹੁੰਦਾ ਤਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਆਗੂ ਰਵੀਇੰਦਰ ਸਿੰਘ ਗਿੱਲ, ਸ਼ਮਸ਼ੇਰ ਸਿੰਘ ਗਿੱਲ, ਗਗਨਦੀਪ ਸਿੰਘ ਗਿੱਲ, ਸਤਨਾਮ ਸਿੰਘ ਧੰਜੂ, ਗੁਲਸ਼ਨ ਕੁਮਾਰ,ਵਿਜੇ ਕੁਮਾਰ, ਸਤੀਸ਼ ਕੁਮਾਰ, ਮਿਸਾਲ ਧਵਨ, ਸੰਜੀਵ ਕੁਮਾਰ, ਪ੍ਰਿਤਪਾਲ ਸਿੰਘ, ਅਜੇ ਕੁਮਾਰ, ਜਸਪ੍ਰੀਤ ਸਿੰਘ ਸੈਣੀ, ਇੰਦਰਜੀਤ ਕਲਸੀ, ਮੁਕੇਸ਼ ਚੌਹਾਨ, ਗੌਰਵ ਪੁਰੀ, ਵੰਦਨਾ ਅਤੇ ਕੰਚਨ ਆਦਿ ਕੰਪਿਊਟਰ ਅਧਿਆਪਕ ਹਾਜ਼ਰ ਸਨ।