ਫਿਰੋਜ਼ਪੁਰ ਤੋਂ ਚੱਲਣ ਵਾਲੀ ਟਰੇਨ ਦੇ ਰੋਜ਼ਾਨਾ ਲੇਟ ਹੋਣ ਸਬੰਧੀ ਸ਼ਿਕਾਇਤ ਦਰਜ ਫਿਰੋਜ਼ਪੁਰ ਤੋਂ ਚੱਲਣ ਵਾਲੀ ਟਰੇਨ ਦੇ ਰੋਜ਼ਾਨਾ ਲੇਟ ਹੋਣ ਦੀ ਸ਼ਿਕਾਇਤ ਕੀਤੀ ਦਰਜ
Publish Date: Wed, 28 Oct 2026 03:45 PM (IST)
Updated Date: Wed, 28 Oct 2026 03:46 PM (IST)
ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਫਿਰੋਜ਼ਪੁਰ ਸ਼ਹਿਰ ਤੋਂ ਸਵੇਰੇ 9 ਵਜੇ ਚੱਲਣ ਵਾਲੀ ਟਰੇਨ ਦੇ ਲਗਾਤਾਰ ਲੇਟ ਹੋਣ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੂੰ ਲੈ ਕੇ ਡੇਲੀ ਪੈਸੰਜਰਾਂ ਵੱਲੋਂ ਫਿਰੋਜ਼ਪੁਰ ਸ਼ਹਿਰ ਦੇ ਸਟੇਸ਼ਨ ਮਾਸਟਰ ਦੇ ਦਫਤਰ ਵਿਖੇ ਕੰਪਲੇਂਟ ਰਜਿਸਟਰ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਡੇਲੀ ਪੈਸੰਜਰ ਯੂਨੀਅਨ ਦੇ ਆਗੂ ਜਿੰਮੀ ਮਨਚੰਦਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਵਿਭਾਗ ਦੇ ਪ੍ਰਬੰਧਾਂ ’ਤੇ ਸਵਾਲ ਉਠਾਏ ਹਨ, ਅਤੇ ਕਿਹਾ ਕੀ ਪਿਛਲੇ ਦਿਨੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੀ ਆਈ ਟੀਮ ਨੂੰ ਵੀ ਇਸ ਸਮੱਸਿਆ ਸਬੰਧੀ ਨੋਟ ਕਰਵਾਇਆ ਗਿਆ ਸੀ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਜਿੰਮੀ ਮਨਚੰਦਾ ਨੇ ਦੱਸਿਆ ਕਿ ਸਵੇਰੇ 9 ਵਜੇ ਫਿਰੋਜ਼ਪੁਰ ਸ਼ਹਿਰ ਤੋਂ ਚੱਲਣ ਵਾਲੀ ਇਸ ਟਰੇਨ ਵਿੱਚ ਬੈਂਕ ਮੁਲਾਜ਼ਮ, ਪਟਵਾਰੀ, ਹੋਰ ਸਰਕਾਰੀ ਮੁਲਾਜ਼ਮ, ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਅਤੇ ਦੂਜੇ ਸ਼ਹਿਰਾਂ ਵਿੱਚ ਆਪਣੀਆਂ ਦੁਕਾਨਾਂ ਚਲਾਉਣ ਵਾਲੇ ਵਪਾਰੀ ਸਫ਼ਰ ਕਰਦੇ ਹਨ। ਇਨ੍ਹਾਂ ਲੋਕਾਂ ਲਈ ਸਮੇਂ ਸਿਰ ਆਪਣੀਆਂ ਮੰਜ਼ਿਲਾਂ ਤੇ ਪਹੁੰਚਣਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਟਰੇਨ ਦੇ ਰੋਜ਼ਾਨਾ ਲੇਟ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਟਰੇਨ ਨੂੰ ਸ਼ਹਿਰ ਦੇ ਸਟੇਸ਼ਨ ਤੇ ਰੋਕ ਦਿੱਤਾ ਜਾਂਦਾ ਹੈ ਅਤੇ ਮਾਲ ਗੱਡੀ ਨੂੰ ਪਹਿਲਾਂ ਲੰਘਣ ਦਿੱਤਾ ਜਾਂਦਾ ਹੈ। ਇਸ ਕਾਰਨ ਸਵਾਰੀ ਟਰੇਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਨੂੰ ਯਾਤਰੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੇਨਾਂ ਦੀ ਆਵਾਜਾਈ ਦਾ ਸੁਚੱਜਾ ਪ੍ਰਬੰਧ ਕਰਨਾ ਚਾਹੀਦਾ ਹੈ।ਜਿੰਮੀ ਮਨਚੰਦਾ ਸਮੇਤ ਡੇਲੀ ਪੈਸੰਜਰਾਂ ਅਤੇ ਹੋਰ ਯਾਤਰੀਆਂ ਨੇ ਡੀਆਰਐੱਮ ਫਿਰੋਜ਼ਪੁਰ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ ਅਤੇ ਸਵਾਰੀ ਟਰੇਨ ਨੂੰ ਨਿਰਧਾਰਤ ਸਮੇਂ ਅਨੁਸਾਰ ਚਲਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਗੁਰਮੇਲ ਸੰਧੂ, ਵਿਕਰਮ ਕੁਮਾਰ, ਨਿਧੀ ਰਾਜ, ਰੂਬਲ ਕੁਮਾਰ ਸਮੇਤ ਅਨੇਕਾਂ ਡੇਲੀ ਪੈਸੰਜਰ ਹਾਜ਼ਰ ਸਨ