ਹਸਪਤਾਲਾਂ ’ਚ ਮਰੀਜ਼ਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ : ਸਿਵਲ ਸਰਜਨ ਸਿਵਲ ਸਰਜਨ ਵਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ
Publish Date: Mon, 02 Nov 2026 05:30 PM (IST)
Updated Date: Mon, 02 Nov 2026 05:32 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਰਕਾਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਵਿਚ ਸਰਕਾਰੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾਕਟਰ ਪਰਮਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਡਾਇਗਨੋਸਟਿਕ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਆਪਣੇ ਨਿਰੀਖਣ ਦੌਰਾਨ ਸਿਵਲ ਸਰਜਨ ਫਿਰੋਜ਼ਪੁਰ ਡਾ. ਪਰਮਿੰਦਰ ਸਿੰਘ ਨੇ ਹਸਪਤਾਲ ਦੇ ਪ੍ਰਮੁੱਖ ਹਿੱਸਿਆਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਵੱਲੋਂ ਐਮਰਜੈਂਸੀ ਵਾਰਡ, ਓ.ਪੀ.ਡੀ, ਓ.ਟੀ., ਲੈਬੋਰੇਟਰੀ, ਨਸ਼ਾ ਛੁਡਾਊ ਕੇਂਦਰ, ਐਕਸਰੇ, ਲੇਬਰ ਰੂਮ, ਮੋਰਚਰੀ, ਆਈ.ਸੀ.ਯੂ. ਵਾਰਡ, ਓਟ ਕੇਂਦਰ, ਆਕਸੀਜਨ ਪਲਾਂਟ, ਵਨ ਸਖੀ ਸਟਾਪ ਸੈਂਟਰ ਸਮੇਤ ਵੱਖ-ਵੱਖ ਵਾਰਡ ’ਚ ਵਿਜ਼ਿਟ ਕੀਤੀ। ਇਸ ਮੌਕੇ ਜਿੱਥੇ ਉਨ੍ਹਾਂ ਐਮਰਜੈਂਸੀ ਵਾਰਡ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਦਵਾਈਆਂ ਦੀ ਉਪਲਬਧਤਾ ਦੀ ਜਾਂਚ ਕੀਤੀ ਗਈ ਉੱਥੇ ਹੀ ਜੱਚਾ-ਬੱਚਾ ਵਾਰਡ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਲਈ ਉਪਲਬੱਧ ਸਹੂਲਤਾਂ ਤੇ ਸਾਫ਼-ਸਫ਼ਾਈ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਐਕਸਰੇ ਰੂਮ, ਲੈਬੋਰਟਰੀ ਅਤੇ ਮੋਰਚਰੀ ਵਿਚ ਮਸ਼ੀਨਾਂ ਦੀ ਕਾਰਜਪ੍ਰਣਾਲੀ, ਟੈਸਟਿੰਗ ਕਿੱਟਾਂ ਅਤੇ ਸਟਾਫ਼ ਦੀ ਹਾਜ਼ਰੀ ਦੀ ਜਾਂਚ ਕੀਤੀ ਗਈ। ਆਪਣੀ ਇਸ ਫੈਰੀ ਦੌਰਾਨ ਉਹਨਾਂ ਡਾਇਗਨੌਸਟਿਕ ਸੇਵਾਵਾਂ ਐਕਸ-ਰੇ, ਅਲਟਰਾਸਾਊਂਡ, ਸੀ.ਟੀ. ਸਕੈਨ ਅਤੇ ਲੈਬਾਰਟਰੀ ਵਿੱਚ ਫੁੱਲੀ ਆਟੋਮੈਟਿਕ ਐਨਾਲਾਈਜ਼ਰ ਅਤੇ ਸੈਮੀ ਆਟੋਮੈਟਿਕ ਐਨਾਲਾਈਜ਼ਰ ਦੀ ਸਮੀਖਿਆ ਕੀਤੀ।ਇਸ ਮੌਕੇ ਉਹਨਾਂ ਆਕਸੀਜਨ ਸਲੰਡਰਾਂ ਅਤੇ ਪਾਈਪ ਲਾਈਨਾਂ ਦੀ ਸਥਿਤੀ ਦੀ ਵੀ ਜਾਂਚ ਕੀਤੀ। ਇਸ ਦੌਰਾਨ ਡਾਕਟਰ ਪਰਮਿੰਦਰ ਸਿੰਘ ਨੇ ਵਾਰਡਾਂ ਵਿਚ ਦਾਖ਼ਲ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਮੁਫ਼ਤ ਦਵਾਈਆਂ, ਖਾਣਾ ਅਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਪੁੱਛਿਆ। ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਹਸਪਤਾਲ ਵਿੱਚ ਇਲਾਜ਼ ਲਈ ਆਨ ਵਾਲੇ ਮਰੀਜ਼ਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡਾ. ਨਿਖਿਲ ਐੱਸ.ਐੱਮ.ਓ., ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਡਾ. ਰਿਸ਼ਬ, ਡਾ. ਮਾਨਿਕ , ਸੁਮਿਤ ਏ.ਐੱਚ.ਏ. ਤੇ ਸ਼ਾਇਨਾ ਹਾਜ਼ਰ ਸਨ।