ਚਿੱਟੇ ਨੇ ਬੁਝਾਇਆ 18 ਸਾਲਾ ਘਰ ਦਾ ਚਿਰਾਗ ਚਿੱਟੇ ਨੇ ਬੁਝਾਇਆ 18 ਸਾਲਾ ਘਰ ਦਾ ਚਿਰਾਗ
Publish Date: Wed, 09 Sep 2026 04:38 PM (IST)
Updated Date: Wed, 09 Sep 2026 04:40 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕੇ ਜਾਣ ਦੀਆਂ ਘਟਨਾਵਾਂ ਦਰਮਿਆਨ ਹਲਕਾ ਜ਼ੀਰਾ ਦੇ ਪਿੰਡ ਲੌਂਗੋਦੇਵਾ ਤੋਂ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। 18 ਸਾਲਾ ਸਾਜਨ ਸਿੰਘ ਪੁੱਤਰ ਲਛਮਣ ਸਿੰਘ ਦੀ ਮੌਤ ਨੇ ਪਰਿਵਾਰ ਦੀਆਂ ਖੁਸ਼ੀਆਂ ਉਜਾੜਨ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਨੌਜਵਾਨ ਦੀ ਲਾਸ਼ ਨਹਿਰ ਨੇੜਿਓਂ ਮਿਲਣ ਮਗਰੋਂ ਇਲਾਕੇ ਵਿਚ ਨਸ਼ੇ ਦੇ ਕਥਿਤ ਵਧ ਰਹੇ ਪ੍ਰਭਾਵ ਨੂੰ ਲੈ ਕੇ ਰੋਸ ਪੈਦਾ ਹੋ ਗਿਆ ਹੈ। ਮ੍ਰਿਤਕ ਦੇ ਪਿਤਾ ਲਛਮਣ ਸਿੰਘ ਅਤੇ ਸਾਬਕਾ ਪੰਚਾਇਤ ਮੈਂਬਰ ਜਗਤਾਰ ਸਿੰਘ ਲੌਂਗੋਦੇਵਾ ਨੇ ਦੱਸਿਆ ਕਿ ਸਾਜਨ ਰਾਤ ਨੂੰ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸੇ ਦੌਰਾਨ ਪਿੰਡ ਦੇ ਇੱਕ ਨੌਜਵਾਨ ਨੇ ਸੂਚਨਾ ਦਿੱਤੀ ਕਿ ਸਾਜਨ ਨਹਿਰ ਨੇੜੇ ਪਿਆ ਹੈ। ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਦਾਅਵਾ ਹੈ ਕਿ ਮੌਕੇ ਤੋਂ ਨਸ਼ੇ ਨਾਲ ਸਬੰਧਤ ਸਰਿੰਜ ਵੀ ਮਿਲੀ। ਇਸ ਦੇ ਆਧਾਰ ’ਤੇ ਪਰਿਵਾਰ ਨੇ ਖਦਸ਼ਾ ਜਤਾਇਆ ਕਿ ਸਾਜਨ ਦੀ ਮੌਤ ਨਸ਼ੇ ਦੀ ਓਵਰਡੋਜ਼ ਜਾਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋ ਸਕਦੀ ਹੈ। ਪਰਿਵਾਰ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ’ਤੇ ਸਾਜਨ ਨੂੰ ਕਥਿਤ ਤੌਰ ’ਤੇ ਨਸ਼ੇ ਵੱਲ ਧੱਕਣ ਦੇ ਦੋਸ਼ ਲਗਾਏ ਹਨ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦਾ ਕਹਿਣਾ ਹੈ ਕਿ ਜਿਸ ਪੁੱਤਰ ਨਾਲ ਘਰ ਦੀਆਂ ਖੁਸ਼ੀਆਂ ਅਤੇ ਭਵਿੱਖ ਦੇ ਸੁਪਨੇ ਜੁੜੇ ਸਨ, ਉਸ ਦੀ ਮੌਤ ਨੇ ਪਰਿਵਾਰ ਨੂੰ ਅੰਦਰੋਂ ਤੋੜ ਦਿੱਤਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਜਨ ਦੀ ਮੌਤ ਸਿਰਫ਼ ਇੱਕ ਪਰਿਵਾਰ ਦਾ ਦੁੱਖ ਨਹੀਂ, ਸਗੋਂ ਨੌਜਵਾਨ ਪੀੜ੍ਹੀ ਲਈ ਖ਼ਤਰੇ ਦੀ ਵੱਡੀ ਘੰਟੀ ਹੈ।