ਬੱਚਿਆਂ ਨੂੰ ਸ਼ੁਰੂ ਤੋਂ ਦਿੱਤੀ ਜਾਵੇ ਚੰਗੇ ਗੁਣਾਂ ਦੀ ਸਿੱਖਿਆ
ਬੱਚਿਆਂ ਨੂੰ ਮੁੱਢ ਤੋਂ ਦਿੱਤੀ ਜਾਵੇ ਚੰਗੇ ਗੁਣਾਂ ਦੀ ਸਿੱਖਿਆ
Publish Date: Sun, 05 Apr 2026 04:37 PM (IST)
Updated Date: Sun, 05 Apr 2026 04:40 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਅੱਜ ਦੇ ਤੇਜ਼ ਰਫ਼ਤਾਰ ਅਤੇ ਭੌਤਿਕ ਸੁਵਿਧਾਵਾਂ ਨਾਲ ਭਰੇ ਯੁੱਗ ਵਿੱਚ ਜਿੱਥੇ ਮਨੁੱਖ ਕੋਲ ਹਰ ਤਰ੍ਹਾਂ ਦੇ ਸਾਧਨ ਮੌਜੂਦ ਹਨ, ਉੱਥੇ ਜੇ ਆਦਰਸ਼ ਚਰਿੱਤਰ ਦੀ ਕਮੀ ਹੋਵੇ ਤਾਂ ਇਹ ਸਾਰੀ ਦੌਲਤ ਬੇਅਰਥ ਸਾਬਤ ਹੁੰਦੀ ਹੈ। ਚਰਿੱਤਰ ਮਨੁੱਖ ਦੀ ਅਸਲੀ ਪਹਿਚਾਣ ਬਣਦਾ ਹੈ, ਜੋ ਨਾ ਸਿਰਫ਼ ਉਸਦੀ ਸ਼ਖ਼ਸੀਅਤ ਨੂੰ ਨਿਖਾਰਦਾ ਹੈ, ਸਗੋਂ ਉਸਦੇ ਮਨ ਨੂੰ ਪ੍ਰਕਾਸ਼ਿਤ ਕਰਕੇ ਜੀਵਨ ਨੂੰ ਸਹੀ ਦਿਸ਼ਾ ਵੀ ਦਿੰਦਾ ਹੈ। ਮਨੁੱਖ ਦੀ ਸਫਲਤਾ ਉਸਦੀ ਯੋਗਤਾ ਨਾਲ ਜੁੜੀ ਹੋ ਸਕਦੀ ਹੈ, ਪਰ ਉਸ ਸਫਲਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਮਜ਼ਬੂਤ ਚਰਿੱਤਰ ਬਹੁਤ ਜ਼ਰੂਰੀ ਹੈ। ਇਸ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਚੰਗੇ ਗੁਣਾਂ ਅਤੇ ਸੰਸਕਾਰਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ, ਤਾਂ ਜੋ ਉਹ ਭਵਿੱਖ ਵਿੱਚ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣ ਸਕਣ। ਮਾਪੇ, ਸਕੂਲ ਤੇ ਧਰਮ ਦੀ ਸਾਂਝ ਨਾਲ ਬਣੇਗਾ ਮਜਬੂਤ ਚਰਿਤਰ : ਅਰਚਨਾ ਜੈਨ ਸ੍ਰੀ ਆਤਮ ਵੱਲਭ ਜੈਨ ਵਿਦਿਆਲਾ ਦੀ ਮੈਨੇਜਰ ਅਰਚਨਾ ਜੈਨ ਨੇ ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਮਾਪਿਆਂ, ਸਕੂਲਾਂ ਅਤੇ ਧਾਰਮਿਕ ਸੰਸਥਾਵਾਂ ਦੀ ਸੰਯੁਕਤ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਮਾਪੇ ਬੱਚੇ ਦੀ ਪਹਿਲੀ ਪਾਠਸ਼ਾਲਾ ਹੁੰਦੇ ਹਨ, ਜਿੱਥੇ ਉਹ ਮੁੱਢਲੇ ਸੰਸਕਾਰ ਸਿੱਖਦਾ ਹੈ। ਇਸ ਤੋਂ ਬਾਅਦ ਸਕੂਲ ਅਤੇ ਧਾਰਮਿਕ ਸਥਾਨ ਉਸਦੀ ਸੋਚ ਅਤੇ ਵਿਹਾਰ ਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੀਆਂ ਆਦਤਾਂ ਅਤੇ ਸੰਸਕਾਰਾਂ ਨਾਲ ਜਾਣੂ ਕਰਵਾਉਣ। ਬੱਚਿਆਂ ਦਾ ਮਨ ਕੋਰਾ ਕਾਗਜ਼ ਚੰਗੇ ਸੰਸਕਾਰਾਂ ਨਾਲ ਭਰੋ : ਕੰਵਲਜੀਤ ਸਿੰਘ ਐੱਸਐੱਸਐੱਮ ਗਰੁੱਪ ਆਫ ਸਕੂਲਜ਼ ਕੱਸੋਆਣਾ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਬੱਚਿਆਂ ਦੇ ਮਨ ਨੂੰ ਕੋਰੇ ਕਾਗਜ਼ ਨਾਲ ਤੁਲਨਾ ਕਰਦਿਆਂ ਕਿਹਾ ਕਿ ਉਸ ‘ਤੇ ਲਿਖੇ ਗਏ ਵਿਚਾਰ ਹੀ ਉਸਦੀ ਸ਼ਖ਼ਸੀਅਤ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਪਰਿਵਾਰਕ ਵਾਤਾਵਰਨ ਬੱਚਿਆਂ ਦੇ ਵਿਕਾਸ ਵਿੱਚ ਅਹਿਮ ਹੁੰਦਾ ਹੈ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜ ਕੇ ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ। ਸਕੂਲ ਸਿਰਫ ਪੜ੍ਹਾਈ ਨਹੀਂ ਸੰਪੂਰਨ ਵਿਕਾਸ ਦਾ ਕੇਂਦਰ : ਸਤਨਾਮ ਬੁੱਟਰ ਐਮਬਰੋਜੀਅਲ ਪਬਲਿਕ ਸਕੂਲ ਦੇ ਚੇਅਰਮੈਨ ਸਤਨਾਮ ਬੁੱਟਰ ਨੇ ਵੀ ਸਕੂਲ ਦੀ ਭੂਮਿਕਾ ਨੂੰ ਬਹੁਤ ਮਹੱਤਵਪੂਰਨ ਕਰਾਰ ਦਿੱਤਾ। ਉਨ੍ਹਾਂ ਅਨੁਸਾਰ ਸਕੂਲ ਸਿਰਫ਼ ਵਿਦਿਆ ਪ੍ਰਦਾਨ ਕਰਨ ਦਾ ਕੇਂਦਰ ਨਹੀਂ, ਸਗੋਂ ਬੱਚਿਆਂ ਦੇ ਸਮੂਹਿਕ ਵਿਕਾਸ ਦਾ ਮੰਚ ਹੈ। ਚੰਗਾ ਵਾਤਾਵਰਨ ਬੱਚਿਆਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਧਿਆਪਕਾਂ ਵੱਲੋਂ ਗਿਆਨ ਦੇ ਨਾਲ ਨੈਤਿਕ, ਵਿਹਾਰਕ ਅਤੇ ਸਰੀਰਕ ਸਿੱਖਿਆ ਦੇਣਾ ਵੀ ਉਤਨਾ ਹੀ ਜ਼ਰੂਰੀ ਹੈ। ਗੁਰੂ ਘਰ ਨਾਲ ਜੁੜ ਕੇ ਬਣੇਗਾ ਨੈਤਿਕ ਤੇ ਆਦਰਸ਼ ਜੀਵਨ : ਕੁਲਵੰਤ ਸੰਧੂ ਸ੍ਰੀ ਹੇਮਕੁੰਟ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਉਤੇ ਰੋਸ਼ਨੀ ਪਾਂਦਿਆਂ ਕਿਹਾ ਕਿ ਗੁਰੂ ਘਰ ਬੱਚਿਆਂ ਦੇ ਚਰਿੱਤਰ ਨਿਰਮਾਣ ਵਿੱਚ ਅਹਿਮ ਕੇਂਦਰ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਅਤੇ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਨਾਲ ਜਾਣੂ ਕਰਵਾਉਣਾ ਲਾਜ਼ਮੀ ਹੈ, ਤਾਂ ਜੋ ਉਹ ਆਪਣੇ ਅਮੀਰ ਧਾਰਮਿਕ ਵਿਰਸੇ ਨਾਲ ਜੁੜ ਕੇ ਸੱਚੇ ਅਤੇ ਨੈਤਿਕ ਜੀਵਨ ਵੱਲ ਅੱਗੇ ਵਧ ਸਕਣ। ਸਮਾਜ ਦੇ ਵੱਖ-ਵੱਖ ਵਰਗਾਂ ਦੀ ਇਹ ਸਾਂਝੀ ਸੋਚ ਦਰਸਾਉਂਦੀ ਹੈ ਕਿ ਜੇ ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਗੁਣਾਂ ਨਾਲ ਸੰਵਾਰਿਆ ਜਾਵੇ, ਤਾਂ ਭਵਿੱਖ ਵਿਚ ਇਕ ਸੰਸਕਾਰਵਾਨ ਅਤੇ ਉੱਚ ਆਦਰਸ਼ਾਂ ਵਾਲਾ ਸਮਾਜ ਤਿਆਰ ਕੀਤਾ ਜਾ ਸਕਦਾ ਹੈ। ਚੰਗੇ ਸੰਸਕਾਰਾਂ ਨਾਲ ਹੀ ਨਿਖਰਦਾ ਬੱਚਿਆਂ ਦਾ ਭਵਿੱਖ : ਰਾਜੀਵ ਬਾਂਸਲ ਸ੍ਰੀ ਸਾਵਨ ਮੱਲ ਅਗਰਵਾਲ ਸਕੂਲ ਦੇ ਪ੍ਰਧਾਨ ਰਾਜੀਵ ਬਾਂਸਲ ਨੇ ਕਿਹਾ ਕਿ ਬੱਚਿਆਂ ਦੀ ਅਸਲੀ ਤਾਕਤ ਉਨ੍ਹਾਂ ਦੇ ਚਰਿੱਤਰ ਅਤੇ ਸੰਸਕਾਰਾਂ ਵਿੱਚ ਵੱਸਦੀ ਹੈ। ਆਧੁਨਿਕ ਯੁੱਗ ਵਿੱਚ ਗਿਆਨ ਦੇ ਨਾਲ-ਨਾਲ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਬਹੁਤ ਜ਼ਰੂਰੀ ਹੈ। ਮਾਪਿਆਂ ਤੇ ਅਧਿਆਪਕਾਂ ਨੂੰ ਮਿਲ ਕੇ ਬੱਚਿਆਂ ਨੂੰ ਸੱਚਾਈ, ਅਨੁਸ਼ਾਸਨ ਤੇ ਸੰਸਕਾਰਾਂ ਦੀ ਦਿਸ਼ਾ ਵਿੱਚ ਪ੍ਰੇਰਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਸਮਾਜ ਦੇ ਜ਼ਿੰਮੇਵਾਰ ਅਤੇ ਆਦਰਸ਼ ਨਾਗਰਿਕ ਬਣ ਸਕਣ।