- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਮਾਡਲ ਸਕੂਲ ਵਿਚ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਬੱਚਿਆਂ ਨੇ ਵੰਡੀਆਂ ਖੁਸ਼ੀਆਂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਬੱਚਿਆਂ ਲਈ ਦਾਦਾ-ਦਾਦੀ ਅਤੇ ਨਾਨਾ-ਨਾਨੀ ਕੇਵਲ ਪਰਿਵਾਰ ਦਾ ਹਿੱਸਾ ਨਹੀਂ, ਸਗੋਂ ਪਿਆਰ, ਸੰਸਕਾਰ ਅਤੇ ਤਜ਼ਰਬੇ ਦੀ ਅਜਿਹੀ ਵਿਰਾਸਤ ਹਨ, ਜੋ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਦੀ ਹੈ। ਇਸੇ ਖੂਬਸੂਰਤ ਰਿਸ਼ਤੇ ਨੂੰ ਸਮਰਪਿਤ ਕਰਦੇ ਹੋਏ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਗ੍ਰੈਂਡਪੇਰੈਂਟਸ ਡੇ ਉਤਸ਼ਾਹ ਅਤੇ ਭਾਵੁਕ ਮਾਹੌਲ ਵਿਚ ਮਨਾਇਆ ਗਿਆ। ਪ੍ਰੋਗਰਾਮ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦੀ ਮੌਜ਼ੂਦਗੀ ਨੇ ਪੂਰੇ ਵਾਤਾਵਰਨ ਨੂੰ ਪਰਿਵਾਰਕ ਖੁਸ਼ੀਆਂ ਨਾਲ ਭਰ ਦਿੱਤਾ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਸੰਗੀਤ, ਨਾਚ ਅਤੇ ਮਨੋਰੰਜਕ ਸੱਭਿਆਚਾਰਕ ਪੇਸ਼ਕਾਰੀਆਂ ਦੇ ਮਾਧਿਅਮ ਨਾਲ ਆਪਣੇ ਬਜ਼ੁਰਗਾਂ ਪ੍ਰਤੀ ਪਿਆਰ ਅਤੇ ਸਤਿਕਾਰ ਪ੍ਰਗਟਾਇਆ। ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦੀਆਂ ਖੂਬ ਤਾਲੀਆਂ ਬਟੋਰੀਆਂ। ਸਭ ਤੋਂ ਭਾਵੁਕ ਪਲ ਉਸ ਸਮੇਂ ਦੇਖਣ ਨੂੰ ਮਿਲੇ, ਜਦੋਂ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਵੀ ਆਪਣੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨਾਲ ਵਿਸ਼ੇਸ਼ ਪੇਸ਼ਕਾਰੀਆਂ ਵਿੱਚ ਹਿੱਸਾ ਲਿਆ। ਬੱਚਿਆਂ ਦੇ ਉਤਸ਼ਾਹ ਅਤੇ ਉਨ੍ਹਾਂ ਦੇ ਚਿਹਰੇ ’ਤੇ ਦਾਦਾ-ਦਾਦੀ ਲਈ ਦਿਖਾਈ ਦੇ ਰਿਹਾ ਸਤਿਕਾਰ ਪ੍ਰੋਗਰਾਮ ਦੀ ਖਾਸੀਅਤ ਰਿਹਾ। ਵਿਦਿਆਰਥੀਆਂ ਨੇ ਆਪਣੀਆਂ ਪੇਸ਼ਕਾਰੀਆਂ ਦੇ ਮਾਧਿਅਮ ਨਾਲ ਇਹ ਸੁਨੇਹਾ ਦਿੱਤਾ ਕਿ ਬਜ਼ੁਰਗਾਂ ਦਾ ਮੋਹ ਅਤੇ ਆਸ਼ੀਰਵਾਦ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਅਨਮੋਲ ਪੂੰਜੀ ਹੈ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਸਾਰੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਿਆਰ, ਤਜ਼ਰਬਾ ਅਤੇ ਮਾਰਗਦਰਸ਼ਨ ਬੱਚਿਆਂ ਦੇ ਸ਼ਖਸੀਅਤ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਪਰਿਵਾਰ ਦੀਆਂ ਉਨ੍ਹਾਂ ਮਜ਼ਬੂਤ ਕੜੀਆਂ ਵਾਂਗ ਹਨ, ਜੋ ਨਵੀਂ ਪੀੜ੍ਹੀ ਨੂੰ ਸੰਸਕਾਰਾਂ ਅਤੇ ਰਵਾਇਤਾਂ ਨਾਲ ਜੋੜਦੀਆਂ ਹਨ। ਅੰਤ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੇ ਇਕ-ਦੂਜੇ ਨਾਲ ਯਾਦਗਾਰੀ ਪਲ ਬਿਤਾਏ। ਸਮਾਰੋਹ ਨੇ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਾਨ ਬਿਖੇਰੀ ਅਤੇ ਪਰਿਵਾਰ ਵਿਚ ਬਜ਼ੁਰਗਾਂ ਦੇ ਮਹੱਤਵ ਦਾ ਭਾਵੁਕ ਸੁਨੇਹਾ ਦਿੱਤਾ।