
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਲ ਭਲਾਈ ਕੌਂਸਲ ਪੰਜਾਬ ਵੱਲੋਂ ਮੈਰੀਟੋਰੀਅਸ ਸਕੂਲ ਵਿਚ ਤਿੰਨ ਰੋਜ਼ਾ ਵਰਕਸ਼ਾਪ ਆਯੋਜਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਵਿਖੇ ਬਾਲ ਭਲਾਈ ਕੌਂਸਲ ਪੰਜਾਬ, ਚੰਡੀਗੜ੍ਹ ਵੱਲੋਂ ਸਕੂਲ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ 18 ਤੋਂ 20 ਅਗਸਤ ਤੱਕ ਤਿੰਨ ਰੋਜ਼ਾ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੌਰਾਨ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਕੌਂਸਲਿੰਗ ਮਨੋਵਿਗਿਆਨੀ ਸਾਂਭਵੀ ਨੇਗੀ, ਅਨਵੀ ਬਿੰਦਰਾ ਅਤੇ ਥੀਏਟਰ ਕਲਾਕਾਰ ਕਪਿਲ ਵੱਲੋਂ ਵਿਦਿਆਰਥੀਆਂ ਨਾਲ ਭਾਵਨਾਤਮਕ ਅਤੇ ਸਮਾਜਿਕ ਚੁਣੌਤੀਆਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਰਿਹਾਇਸ਼ੀ ਸਕੂਲ ਹੋਣ ਕਾਰਨ ਵਿਦਿਆਰਥੀ ਲੰਬੇ ਸਮੇਂ ਤੱਕ ਆਪਣੇ ਮਾਪਿਆਂ ਅਤੇ ਘਰ ਤੋਂ ਦੂਰ ਰਹਿੰਦੇ ਹਨ। ਕਿਸ਼ੋਰ ਅਵਸਥਾ ਦੌਰਾਨ ਪੜ੍ਹਾਈ, ਭਵਿੱਖ, ਰਿਸ਼ਤਿਆਂ ਅਤੇ ਹੋਰ ਸਮਾਜਿਕ-ਭਾਵਨਾਤਮਕ ਚੁਣੌਤੀਆਂ ਕਾਰਨ ਕਈ ਵਾਰ ਵਿਦਿਆਰਥੀ ਤਣਾਅ ਅਤੇ ਮਾਨਸਿਕ ਦਬਾਅ ਦਾ ਸਾਹਮਣਾ ਕਰਦੇ ਹਨ। ਅਜਿਹੇ ਸਮੇਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮੈਡੀਟੇਸ਼ਨ, ਸਾਹਿਤਕ ਪੁਸਤਕਾਂ ਪੜ੍ਹਨ, ਸੈਰ ਕਰਨ, ਖੇਡਾਂ ਅਤੇ ਹੋਰ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨਾ ਬੇਹੱਦ ਲਾਹੇਵੰਦ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਨੂੰ ਅੱਗੇ ਵਧਾਉਂਦਿਆਂ ਸਕੂਲ ਵਿਚ ਇਸ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀ ਆਪਣੀਆਂ ਭਾਵਨਾਵਾਂ ਅਤੇ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਸਮਝ ਸਕਣ ਅਤੇ ਲੋੜ ਪੈਣ ’ਤੇ ਸਹੀ ਵਿਅਕਤੀ ਤੋਂ ਸਹਾਇਤਾ ਲੈਣ ਲਈ ਉਤਸ਼ਾਹਿਤ ਹੋਣ। ਸਕੂਲ ਇੰਚਾਰਜ ਸੁਕੀਰਤੀ ਸ਼ਰਮਾ ਨੇ ਬਾਲ ਭਲਾਈ ਕੌਂਸਲ ਪੰਜਾਬ ਅਤੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਯੋਗੀ ਅਤੇ ਵਿਦਿਆਰਥੀ-ਕੇਂਦਰਿਤ ਪ੍ਰੋਗਰਾਮ ਸਕੂਲ ਵਿਚ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ। ਇਸ ਮੌਕੇ ਸਕੂਲ ਸੁਨੀਲ ਸ਼ਰਮਾ ਸਕੱਤਰ ਰੈਡ ਕਰਾਸ ਸੁਸਾਇਟੀ, ਸਾਗਰ ਕੁਮਾਰ ਸਕੂਲ ਸਟਾਫ਼ ਅਤੇ ਰਾਵੀ ਹਾਊਸ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।