ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਲਈ ਲਿਖਤੀ ਫੈਸਲਾ ਲੈ ਕੇ ਆਉਣ ਮੁੱਖ ਮੰਤਰੀ : ਸਾਂਝਾ ਮੋਰਚਾ ਜ਼ੀਰਾ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਲਈ ਲਿਖਤੀ ਫੈਸਲਾ ਲੈ ਕੇ ਆਉਣ ਮੁੱਖ ਮੰਤਰੀ: ਸਾਂਝਾ ਮੋਰਚਾ ਜ਼ੀਰਾ
Publish Date: Fri, 04 Sep 2026 05:27 PM (IST)
Updated Date: Fri, 04 Sep 2026 05:28 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਾਂਝਾ ਮੋਰਚਾ ਜ਼ੀਰਾ ਦੀ ਇੱਕ ਅਹਿਮ ਮੀਟਿੰਗ ਮੋਰਚਾ ਸਥਾਨ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 6 ਸਤੰਬਰ 2026 ਨੂੰ ਜ਼ੀਰਾ ਦੌਰੇ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਸਾਂਝਾ ਮੋਰਚਾ ਜ਼ੀਰਾ ਵੱਲੋਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਗਈ ਕਿ ਉਹ ਜ਼ੀਰਾ ਆਉਂਦੇ ਸਮੇਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਸਬੰਧੀ ਲਿਖਤੀ ਹੁਕਮ ਜਾਂ ਫੈਸਲਾ ਨਾਲ ਲੈ ਕੇ ਆਉਣ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜ਼ੀਰਾ ਅਤੇ ਆਸ-ਪਾਸ ਦੇ ਲੋਕ ਲੰਮੇ ਸਮੇਂ ਤੋਂ ਫੈਕਟਰੀ ਨੂੰ ਪੂਰਨ ਤੌਰ ’ਤੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਹੁਣ ਲੋਕ ਸਿਰਫ਼ ਬਿਆਨਾਂ ਜਾਂ ਵਾਅਦਿਆਂ ਦੀ ਬਜਾਏ ਲਿਖਤੀ ਤੇ ਪੱਕਾ ਫੈਸਲਾ ਚਾਹੁੰਦੇ ਹਨ। ਮੋਰਚੇ ਵੱਲੋਂ ਮੁੱਖ ਮੰਤਰੀ ਅੱਗੇ ਇਹ ਵੀ ਸਵਾਲ ਰੱਖਿਆ ਗਿਆ ਕਿ ਪ੍ਰਭਾਵਿਤ ਲੋਕਾਂ ਦੇ ਪੀਣ ਵਾਲੇ ਪਾਣੀ, ਸਿਹਤ ਅਤੇ ਹੋਏ ਨੁਕਸਾਨ ਸਬੰਧੀ ਸਰਕਾਰ ਵੱਲੋਂ ਕੀ ਠੋਸ ਕਦਮ ਚੁੱਕੇ ਜਾਣਗੇ। ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ’ਤੇ ਵੀ ਸਰਕਾਰ ਨੂੰ ਆਪਣਾ ਸਪੱਸ਼ਟ ਪੱਖ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਸਾਂਝਾ ਮੋਰਚਾ ਜ਼ੀਰਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਜ਼ੀਰਾ ਸ਼ਰਾਬ ਫੈਕਟਰੀ ਨੂੰ ਪੂਰਨ ਤੌਰ ’ਤੇ ਬੰਦ ਕਰਨ ਸਬੰਧੀ ਲਿਖਤੀ ਫੈਸਲਾ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਮੋਰਚੇ ਨੇ ਸਾਰੇ ਸਿਆਸੀ ਆਗੂਆਂ ਨੂੰ ਵੀ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ ਕਿ ਉਹ ਦੱਸਣ ਕਿ ਸੱਤਾ ਵਿੱਚ ਆਉਣ ਦੀ ਸੂਰਤ ਵਿੱਚ ਜ਼ੀਰਾ ਫੈਕਟਰੀ ਬਾਰੇ ਉਨ੍ਹਾਂ ਦੀ ਕੀ ਨੀਤੀ ਹੋਵੇਗੀ। ਮੋਰਚੇ ਨੇ ਮੰਗ ਕੀਤੀ ਕਿ ਸਾਰੇ ਆਗੂ ਸਪੱਸ਼ਟ ਬਿਆਨ ਦੇਣ ਕਿ ਜ਼ੀਰਾ ਫੈਕਟਰੀ ਕਿਸੇ ਵੀ ਹਾਲਤ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ। ਇਸ ਮੌਕੇ ਸਾਂਝਾ ਮੋਰਚਾ ਜ਼ੀਰਾ ਦੇ ਆਗੂ ਰੋਮਨ ਬਰਾੜ ਮਹੀਆਂ ਵਾਲਾ ਕਲਾਂ, ਗੁਰਮੇਲ ਸਿੰਘ ਸਰਪੰਚ ਮਸੂਰਵਾਲ ਕਲਾਂ, ਪ੍ਰੀਤਮ ਸਿੰਘ ਮਹੀਆਂ ਵਾਲਾ ਕਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਗੁਰਸੇਵਕ ਸਿੰਘ ਨੰਬਰਦਾਰ ਮਹੀਆਂ ਵਾਲਾ ਕਲਾਂ, ਬਚਿੱਤਰ ਸਿੰਘ ਮਨਸੂਰਵਾਲ ਕਲਾਂ, ਬਲਵਿੰਦਰ ਸਿੰਘ ਲੋਂਗੋ ਸੇਵਾ, ਮੰਨਾ ਸਿੰਘ ਵਾੜਾ ਚੈਨ ਸਿੰਘ ਵਾਲਾ, ਹਰਮਨ ਸਿੰਘ ਰਟੌਲ ਰੋਹੀ, ਮੁਖਤਿਆਰ ਸਿੰਘ ਫੌਜੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਬਾਬਾ ਮੁਲਤਾਨ ਸਿੰਘ, ਰੂਪ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।