- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਯੁਰਵੇਦ ਨੂੰ ਸਮਰਪਿਤ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਹਾਰਮਨੀ ਆਯੁਰਵੇਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਆਯੁਰਵੇਦ ਦੇ ਪ੍ਰਚਾਰ-ਪ੍ਰਸਾਰ ਅਤੇ ਭਵਿੱਖ ਦੇ ਆਯੁਰਵੇਦਿਕ ਡਾਕਟਰਾਂ ਵਿਚ ਇਸ ਪੁਰਾਤਨ ਚਿਕਿਤਸਾ ਪ੍ਰਣਾਲੀ ਪ੍ਰਤੀ ਰੁਚੀ, ਸਮਰਪਣ ਅਤੇ ਸੇਵਾ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਆਯੁਰਵੇਦ ਦੇ ਖੇਤਰ ਵਿਚ ਮੌਜ਼ੂਦ ਵਿਆਪਕ ਸੰਭਾਵਨਾਵਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਯੁਰਵੇਦਿਕ ਚਿਕਿਤਸਾ ਰਾਹੀਂ ਸਮਾਜ ਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਾ ਸੀ। ਸੈਮੀਨਾਰ ਵਿਚ ਮੁੱਖ ਬੁਲਾਰੇ ਵਜੋਂ ਡਾ. ਜਸਮੀਤ ਮੱਕੜ ਨੇ ਵਿਦਿਆਰਥੀਆਂ ਨਾਲ ਆਪਣੇ ਲੰਬੇ ਤਜਰਬੇ ਸਾਂਝੇ ਕੀਤੇ। ਉਹ ਪਿਛਲੇ ਕਰੀਬ 12 ਸਾਲਾਂ ਤੋਂ ਆਯੁਰਵੇਦ ਦੇ ਖੇਤਰ ਵਿਚ ਪ੍ਰੈਕਟਿਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਟੇਟ ਧਨਵੰਤਰੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਸਫਲ ਆਯੁਰਵੇਦਿਕ ਡਾਕਟਰ ਬਣਨ ਲਈ ਨਿਰੰਤਰ ਅਧਿਐਨ, ਧੀਰਜ, ਮਰੀਜ਼ਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਤੇ ਚਿਕਿਤਸਾ ਪ੍ਰਤੀ ਪੂਰੀ ਵਚਨਬੱਧਤਾ ਜ਼ਰੂਰੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਯੁਰਵੇਦਿਕ ਪ੍ਰੈਕਟਿਸ ਨਾਲ ਸਬੰਧਤ ਕਈ ਵਿਹਾਰਕ ਸੁਝਾਅ ਵੀ ਦਿੱਤੇ। ਵਿਦਿਆਰਥੀਆਂ ਨੇ ਡਾ. ਮੱਕੜ ਦੇ ਵਿਚਾਰਾਂ ਨੂੰ ਉਤਸ਼ਾਹ ਨਾਲ ਸੁਣਿਆ ਅਤੇ ਕਈ ਵਿਦਿਆਰਥੀਆਂ ਨੇ ਭਵਿੱਖ ਵਿੱਚ ਆਯੁਰਵੇਦ ਦੇ ਖੇਤਰ ਵਿੱਚ ਪ੍ਰੈਕਟਿਸ ਕਰਨ ਪ੍ਰਤੀ ਆਪਣੀ ਦਿਲਚਸਪੀ ਪ੍ਰਗਟਾਈ। ਇਸ ਮੌਕੇ ਸੇਵਾਮੁਕਤ ਸੀਨੀਅਰ ਵੈਟਰਨਰੀ ਅਫਸਰ ਡਾ. ਸੁਰਿੰਦਰ ਸਿੰਘ ਕਪੂਰ, ਰੋਟਰੀ ਕਲੱਬ ਦੇ ਪ੍ਰਧਾਨ ਸਰਦਾਰ ਕ੍ਰਿਪਾਲ ਸਿੰਘ, ਐੱਨਆਈਐੱਮਏ ਫਿਰੋਜ਼ਪੁਰ ਸਿਟੀ ਦੇ ਪ੍ਰਧਾਨ ਡਾ. ਦਲਜੀਤ ਸਿੰਘ, ਹੰਸਰਾਜ ਵਿਦਿਆਲਿਆ ਮੰਦਰ ਦੇ ਪ੍ਰਿੰਸੀਪਲ ਉਦੈ ਪ੍ਰਕਾਸ਼, ਕਾਰੋਬਾਰੀ ਅਸ਼ੋਕ ਜੀ, ਡਾ. ਪ੍ਰਵੀਨ ਤਲਵਾੜ ਅਤੇ ਏਕਲ ਵਿਦਿਆਲਿਆ ਪੰਜਾਬ ਦੇ ਪ੍ਰਧਾਨ ਰਮੇਸ਼ ਅਗਰਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਭਗਵਾਨ ਧਨਵੰਤਰੀ ਜੀ ਅੱਗੇ ਦੀਵਾ ਜਗਾ ਕੇ ਕੀਤੀ ਗਈ। ਕਾਲਜ ਦੇ ਪ੍ਰੋਫੈਸਰਾਂ, ਅਧਿਆਪਕ ਸਟਾਫ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਮੰਚ ਸੰਚਾਲਨ ਡਾ. ਪਰਵੀਨ ਗੋਇਲ ਨੇ ਕੀਤਾ। ਉਨ੍ਹਾਂ ਨੇ ਸੈਮੀਨਾਰ ਦੇ ਉਦੇਸ਼ ਅਤੇ ਆਯੁਰਵੇਦ ਦੇ ਉਜਲੇ ਭਵਿੱਖ ਬਾਰੇ ਚਾਨਣਾ ਪਾਉਂਦਿਆਂ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵਿਚ ਆਯੁਰਵੇਦ ਪ੍ਰਤੀ ਉਤਸ਼ਾਹ ਅਤੇ ਸਕਾਰਾਤਮਕ ਸੋਚ ਦੇਖਣ ਨੂੰ ਮਿਲੀ।