ਸੈਂਟਰਲ ਬੈਂਕ ਨੇ ਫਿਰੋਜ਼ਪੁਰ ’ਚ ਕਿਸਾਨ ਕ੍ਰੈਡਿਟ ਕੈਂਪ ਲਗਾਇਆ
ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਫਿਰੋਜ਼ਪੁਰ ਵਿੱਚ ਕਿਸਾਨ ਕ੍ਰੈਡਿਟ ਕੈਂਪ ਦਾ ਆਯੋਜਨ
Publish Date: Sat, 14 Feb 2026 03:36 PM (IST)
Updated Date: Sat, 14 Feb 2026 03:39 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੈਂਟਰਲ ਬੈਂਕ ਆਫ ਇੰਡੀਆ ਵੱਲੋਂ ਫਿਰੋਜ਼ਪੁਰ ਵਿੱਚ ਕਿਸਾਨਾਂ ਲਈ ਵਿਸ਼ੇਸ਼ ਕਿਸਾਨ ਕ੍ਰੈਡਿਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਵੱਖ-ਵੱਖ ਸਰਕਾਰੀ ਅਤੇ ਬੈਂਕਿੰਗ ਸਕੀਮਾਂ ਬਾਰੇ ਜਾਣਕਾਰੀ ਦੇਣਾ ਅਤੇ ਘੱਟ ਵਿਆਜ ਦਰਾਂ ‘ਤੇ ਕਰਜ਼ਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਪ੍ਰੇਰਿਤ ਕਰਨਾ ਸੀ। ਕੈਂਪ ਵਿੱਚ ਕਿਸਾਨਾਂ ਨੇ ਬੜੀ ਰੁਚੀ ਨਾਲ ਹਿੱਸਾ ਲਿਆ ਅਤੇ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ।ਕੈਂਪ ਦੌਰਾਨ ‘ਸੈਂਟ ਪੋਲਟਰੀ ਫਾਰਮ’, ‘ਸੈਂਟ ਵੇਅਰ ਹਾਊਸ’, ‘ਸੈਂਟ ਡੇਅਰੀ’ ਅਤੇ ‘ਸੈਂਟ ਫੂਡ ਪ੍ਰੋਸੈਸਰ’ ਵਰਗੀਆਂ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਤਹਿਤ ਕਿਸਾਨ ਘੱਟ ਵਿਆਜ ਦਰ ‘ਤੇ ਲੋਨ ਪ੍ਰਾਪਤ ਕਰਕੇ ਪੋਲਟਰੀ ਫਾਰਮਿੰਗ, ਡੇਅਰੀ ਯੂਨਿਟ, ਅਨਾਜ ਸਟੋਰੇਜ ਅਤੇ ਖਾਦ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰ ਸਕਦੇ ਹਨ। ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ, ਸਗੋਂ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਮੌਕੇ ਡੀ.ਜ਼ੈਡ.ਐਚ ਪ੍ਰਿਆਣਾ ਬਾਂਸਲ, ਡੀ.ਜੀ.ਐਮ ਅਸ਼ੋਕ ਸ਼ਰਮਾ, ਚੀਫ ਮੈਨੇਜਰ ਕੁਲਦੀਪ ਸਿੰਘ, ਕੈਸ਼ੀਅਰ ਸੁਖਵਿੰਦਰ ਸਿੰਘ ਅਤੇ ਤਜਿੰਦਰਬੀਰ ਸਿੰਘ ਸਮੇਤ ਬੈਂਕ ਦਾ ਹੋਰ ਸਟਾਫ ਵੀ ਮੌਜੂਦ ਰਿਹਾ। ਅਧਿਕਾਰੀਆਂ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਬੈਂਕ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹਾ ਹੈ।ਪਿੰਡ ਨੂਰਪੁਰ ਸੇਠਾਂ, ਰੁਕਨਾ ਮੂੰਗਲਾ, ਫੱਤੂਵਾਲਾ ਅਤੇ ਪਟੇਲ ਨਗਰ ਦੇ ਵੱਡੀ ਗਿਣਤੀ ਵਿੱਚ ਕਿਸਾਨ ਇਸ ਕੈਂਪ ਵਿੱਚ ਸ਼ਾਮਲ ਹੋਏ। ਕਿਸਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਨਾਲ ਉਨ੍ਹਾਂ ਨੂੰ ਨਵੀਆਂ ਯੋਜਨਾਵਾਂ ਬਾਰੇ ਸਹੀ ਅਤੇ ਸਪਸ਼ਟ ਜਾਣਕਾਰੀ ਮਿਲਦੀ ਹੈ, ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਨ।