ਫਿਰੋਜ਼ਪੁਰ ਫੀਡਰ ਨਹਿਰ ’ਚ ਕਾਰ ਡਿੱਗੀ, ਸਵਾਰ ਸੁਰੱਖਿਅਤ
ਝੋਕ ਹਰੀਹਰ ਨੇੜੇ ਫਿਰੋਜ਼ਪੁਰ ਫੀਡਰ ਨਹਿਰ ਵਿਚ ਕਾਰ ਡਿੱਗੀ, ਸਵਾਰ ਸੁਰੱਖਿਅਤ
Publish Date: Sat, 24 Jan 2026 03:39 PM (IST)
Updated Date: Sat, 24 Jan 2026 03:43 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ
ਫ਼ਿਰੋਜ਼ਪੁਰ : ਪਿੰਡ ਝੋਕ ਹਰੀਹਰ ਨਜ਼ਦੀਕ ਫਿਰੋਜ਼ਪੁਰ ਫੀਡਰ ਨਹਿਰ ’ਤੇ ਬਣੇ ਪੁੱਲ ਕੋਲ ਹਨੇਰਾ ਹੋਣ ਕਾਰਨ ਇਕ ਕਾਰ ਨਹਿਰ ਵਿਚ ਡਿੱਗ ਪਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਵਿੱਚ ਸਵਾਰ ਬੀਤੀ ਰਾਤ ਪਿੰਡ ਝੋਕ ਹਰੀਹਰ ਵਿਖੇ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਗਨੀਮਤ ਰਹੀ ਕਿ ਹਾਦਸੇ ਦੌਰਾਨ ਕਾਰ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਬਾਹਰ ਨਿਕਲ ਆਏ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਇਸ ਹਾਦਸੇ ਦੌਰਾਨ ਬੁਰੀ ਤਰਾਂ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਕਾਰ ਨਹਿਰ ਦੇ ਪੁਲ ’ਤੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਅਵਾਰਾ ਪਸ਼ੂ ਨੂੰ ਬਚਾਉਣ ਲਈ ਕਾਰ ਚਾਲਕ ਨੇ ਗੱਡੀ ਨੂੰ ਇਕ ਪਾਸੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪੁਲ ਦੇ ਕਿਨਾਰੇ ਲੱਗੀਆਂ ਗਰਿੱਲਾਂ ਨਾਲ ਟਕਰਾਉਂਦੀ ਹੋਈ ਗਰਿੱਲਾਂ ’ਚ ਫਸ ਗਈ। ਇਸ ਦੌਰਾਨ ਚੌਕਸੀ ਵਰਤਦੇ ਹੋਏ ਕਾਰ ਸਵਾਰ ਤੁਰੰਤ ਕਾਰ ਵਿੱਚੋਂ ਬਾਹਰ ਨਿਕਲ ਗਏ। ਸਵਾਰਾਂ ਦੇ ਬਾਹਰ ਨਿਕਲਣ ਮਗਰੋਂ ਕਾਰ ਇਕਦਮ ਨਹਿਰ ਵਿਚ ਡਿੱਗ ਪਈ। ਦਿਨ ਵੇਲੇ ਪਿੰਡ ਵਾਸੀਆਂ ਨੇ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਫੀਡਰ ਨਹਿਰ ਕੁਝ ਦਿਨਾਂ ਤੋਂ ਮੁਰੰਮਤ ਕਾਰਜਾਂ ਕਾਰਨ ਬੰਦ ਹੈ ਅਤੇ ਇਸ ਵਿੱਚ ਪਾਣੀ ਬਹੁਤ ਘੱਟ ਮਾਤਰਾ ਵਿਚ ਖੜਾ ਹੈ। ਪਾਣੀ ਘੱਟ ਹੋਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜੋੜਨ ਵਾਲੀ ਇਸ ਸੜਕ ’ਤੇ ਬਣਿਆ ਪੁਲ ਖਸਤਾ ਹਾਲਤ ਵਿਚ ਹੈ ਅਤੇ ਦੋਵਾਂ ਪਾਸਿਆਂ ਦੀਆਂ ਗਰਿਲਾਂ ਵੀ ਬਹੁਤ ਮਾੜੀ ਹਾਲਤ ਵਿਚ ਹਨ। ਪਹਿਲਾਂ ਵੀ ਇੱਥੇ ਕਈ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੁਲ ਦੇ ਕਿਨਾਰਿਆਂ ਦੀ ਗ੍ਰਿਲ ਨੂੰ ਤੁਰੰਤ ਮਜ਼ਬੂਤ ਕਰਕੇ ਨਵੀਆਂ ਗਰੇਲਾਂ ਲਗਾਈਆਂ ਜਾਣ ਤਾਂ ਜੋ ਭਵਿੱਖ ਵਿਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।