
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੇਵਾ ਕੇਂਦਰ ਮਖੂ ਦੇ ਸਕਿਓਰਟੀ ਗਾਰਡ ਨਾਲ ਧੱਕੇਸ਼ਾਹੀ: ਸਰਕਾਰੀ ਕੰਮ ਦੌਰਾਨ ਹੋਏ ਐਕਸੀਡੈਂਟ ਦੇ ਬਾਵਜੂਦ ਬਿਨ੍ਹਾ ਤਨਖਾਹ ਕੱਟੇ

ਪੰਜਾਬੀ ਜਾਗਰਣ ਰਿਪੋਰਟਰ, ਮਖੂ, ਫਿਰੋਜ਼ਪੁਰ : ਸੇਵਾ ਕੇਂਦਰ ਮਖੂ ਵਿਖੇ ਤੈਨਾਤ ਸਕਿਓਰਟੀ ਗਾਰਡ ਪਰਮਿੰਦਰ ਕੁਮਾਰ ਨਾਲ ਸਰਕਾਰੀ ਡਿਊਟੀ ਦੌਰਾਨ ਵਾਪਰੇ ਹਾਦਸੇ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਤੇ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗਾਰਡ ਪਰਮਿੰਦਰ ਕੁਮਾਰ ਨੇ ਦੱਸਿਆ ਕਿ 22 ਅਗਸਤ ਨੂੰ ਉਹ ਅਤੇ ਹੈਲਪ ਡੈਸਕ ਓਪਰੇਟਰ, ਡੀਸੀ ਆਫਿਸ (ਟਾਈਪ-1) ਫਿਰੋਜ਼ਪੁਰ ਤੋਂ ਸੇਵਾ ਕੇਂਦਰ ਦੀ ਆਫੀਸ਼ੀਅਲ ਸਟੇਸ਼ਨਰੀ ਲੈਣ ਗਏ ਸਨ। ਵਾਪਸੀ ’ਤੇ ਰਸਤੇ ਵਿਚ ਉਨ੍ਹਾਂ ਦੋਵਾਂ ਦਾ ਗੰਭੀਰ ਐਕਸੀਡੈਂਟ ਹੋ ਗਿਆ। ਉਨ੍ਹਾਂ ਦੱਸਿਆ ਕਿ ਸਟੇਸ਼ਨਰੀ ਲਿਆਉਣਾ ਸਕਿਓਰਟੀ ਗਾਰਡ ਦੀ ਮੂਲ ਡਿਊਟੀ ਦਾ ਹਿੱਸਾ ਨਹੀਂ ਸੀ, ਫਿਰ ਵੀ ਪ੍ਰਬੰਧਕਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ। ਸਰਕਾਰੀ ਡਿਊਟੀ ਦੌਰਾਨ ਸੱਟ ਲੱਗਣ ਦੇ ਬਾਵਜੂਦ ਸਕਿਓਰਟੀ ਗਾਰਡ ਸੁਪਰਵਾਈਜ਼ਰ ਵੱਲੋਂ ਇਹ ਸ਼ਰਤ ਰੱਖੀ ਜਾ ਰਹੀ ਹੈ ਕਿ ਛੁੱਟੀ ਉਦੋਂ ਹੀ ਮਿਲੇਗੀ ਜੇਕਰ ਮੁਲਾਜ਼ਮ ਅਪਣੀ ਜਗ੍ਹਾ ਕਿਸੇ ਹੋਰ ਬੰਦੇ ਦਾ ਪ੍ਰਬੰਧ ਕਰੇਗਾ। ਛੁੱਟੀ ਮਨਜ਼ੂਰ ਕਰਨ ਦੀ ਬਜਾਏ ਮੁਲਾਜ਼ਮ ਦੀ ਤਨਖਾਹ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮੁਲਾਜ਼ਮ ਵੱਲੋਂ ਪ੍ਰੋਜੈਕਟ ਹੈੱਡ, ਸੇਵਾ ਕੇਂਦਰ ਪ੍ਰਭਜੋਤ ਸਿੰਘ ਸਿੱਧੂ ਨੂੰ ਲਿਖਤੀ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਡਿਊਟੀ ਦੌਰਾਨ ਹੋਏ ਹਾਦਸੇ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਦੀਆਂ ਛੁੱਟੀਆਂ ਤੁਰੰਤ ਮਨਜ਼ੂਰ ਕੀਤੀਆਂ ਜਾਣ ਅਤੇ ਤਨਖਾਹ ਵਿੱਚੋਂ ਕੋਈ ਕਟੌਤੀ ਨਾ ਕੀਤੀ ਜਾਵੇ।