ਚਿੱਟੇ ਦਿਨ ਦੁਕਾਨ ’ਤੇ ਚੱਲੀਆਂ ਗੋਲੀਆਂ, ਸ਼ਹਿਰ ’ਚ ਦਹਿਸ਼ਤ ਚਿੱਟੇ ਦਿਨ ਜੈਨ ਪਲਾਈ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ, ਜ਼ੀਰਾ ’ਚ ਦਹਿਸ਼ਤ
Publish Date: Sun, 13 Sep 2026 07:20 PM (IST)
Updated Date: Mon, 14 Sep 2026 04:05 AM (IST)
ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਸ਼ੀਸ਼ਿਆਂ ’ਤੇ ਫਾਇਰਿੰਗ ਕਰ ਕੇ ਤਲਵੰਡੀ ਭਾਈ ਵੱਲ ਫ਼ਰਾਰ ਪੁਲਿਸ ਨੇ ਖੋਲ ਬਰਾਮਦ ਕਰ ਕੇ ਸੀਸੀਟੀਵੀ ਖੰਗਾਲਣੇ ਕੀਤੇ ਸ਼ੁਰੂ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ-ਤਲਵੰਡੀ ਰੋਡ ’ਤੇ ਐਤਵਾਰ ਬਾਅਦ ਦੁਪਹਿਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ‘ਜੈਨ ਪਲਾਈ’ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਦਿਨ-ਦਿਹਾੜੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀਆਂ ਆਵਾਜ਼ਾਂ ਨਾਲ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਤਲਵੰਡੀ ਭਾਈ ਵੱਲ ਫ਼ਰਾਰ ਹੋ ਗਏ।ਦੁਕਾਨ ਮਾਲਕ ਅਮਨ ਜੈਨ ਪੁੱਤਰ ਅਸ਼ੋਕ ਜੈਨ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਉਹ ਆਪਣੀ ਦੁਕਾਨ ਅੰਦਰ ਬੈਠੇ ਅਖਬਾਰ ਪੜ੍ਹ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਬਾਹਰੋਂ ਪਟਾਕਿਆਂ ਵਰਗੀ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਬਾਹਰ ਆ ਕੇ ਦੇਖਿਆ ਤਾਂ ਸਪਲੈਂਡਰ ਮੋਟਰਸਾਈਕਲ ’ਤੇ ਆਏ ਦੋ ਨੌਜਵਾਨ ਦੁਕਾਨ ਦੇ ਬਾਹਰ ਲੱਗੇ ਸ਼ੀਸ਼ਿਆਂ ਵੱਲ ਗੋਲੀਆਂ ਚਲਾ ਰਹੇ ਸਨ। ਫਾਇਰਿੰਗ ਕਰਨ ਤੋਂ ਬਾਅਦ ਹਮਲਾਵਰ ਤੁਰੰਤ ਮੋਟਰਸਾਈਕਲ ਮੋੜ ਕੇ ਤਲਵੰਡੀ ਭਾਈ ਵੱਲ ਨਿਕਲ ਗਏ। ਅਮਨ ਜੈਨ ਅਨੁਸਾਰ ਉਨ੍ਹਾਂ ਨੂੰ ਵਾਰਦਾਤ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਵੱਲੋਂ ਧਮਕੀ, ਫਿਰੌਤੀ ਜਾਂ ਹੋਰ ਕਿਸਮ ਦਾ ਕੋਈ ਫੋਨ ਜਾਂ ਸੁਨੇਹਾ ਨਹੀਂ ਮਿਲਿਆ ਸੀ। ਇਸ ਲਈ ਗੋਲੀਬਾਰੀ ਦੇ ਕਾਰਨਾਂ ਬਾਰੇ ਹਾਲੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ੀਰਾ ਵਿੱਚ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਇੱਕ-ਦੋ ਦੋਸਤਾਂ ਦੀਆਂ ਦੁਕਾਨਾਂ ’ਤੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਘਟਨਾ ਦੀ ਗੰਭੀਰਤਾ ਇਸ ਗੱਲ ਤੋਂ ਵੀ ਵਧ ਜਾਂਦੀ ਹੈ ਕਿ ਗੋਲੀਬਾਰੀ ਵਾਲੀ ਥਾਂ ਦੇ ਬਿਲਕੁਲ ਨੇੜੇ ਦਾਣਾ ਮੰਡੀ ਜ਼ੀਰਾ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਪੱਧਰੀ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਸ ਵਿੱਚ ਪੰਜਾਬ ਅਤੇ ਕੇਂਦਰੀ ਪੱਧਰ ਦੇ ਸੀਨੀਅਰ ਆਗੂ ਮੌਜੂਦ ਸਨ। ਅਜਿਹੇ ਸਮੇਂ ਪੁਲਿਸ ਚੌਕਸੀ ਦੇ ਬਾਵਜੂਦ ਦਿਨ-ਦਿਹਾੜੇ ਫਾਇਰਿੰਗ ਕਰਕੇ ਹਮਲਾਵਰਾਂ ਦਾ ਫ਼ਰਾਰ ਹੋ ਜਾਣਾ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰਦਾ ਹੈ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਜ਼ੀਰਾ ਦੇ ਐੱਸਐੱਚਓ ਜਸਵਿੰਦਰ ਸਿੰਘ ਬਰਾੜ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਨੁਸਾਰ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਲਈ ਜਾਂਚ ਜਾਰੀ ਹੈ।