ਜ਼ੀਰਾ ’ਚ ਬਸਪਾ ਦਾ ਸ਼ਕਤੀ ਪ੍ਰਦਰਸ਼ਨ, ‘ਪੰਜਾਬ ਸੰਭਾਲੋ ਮੁਹਿੰਮ’ ਦਾ ਬਿਗੁਲ ਜ਼ੀਰਾ ’ਚ ਬਸਪਾ ਦਾ ਸ਼ਕਤੀ ਪ੍ਰਦਰਸ਼ਨ, ‘ਪੰਜਾਬ ਸੰਭਾਲੋ ਮੁਹਿੰਮ’ ਦਾ ਬਿਗੁਲ
Publish Date: Sun, 13 Sep 2026 07:10 PM (IST)
Updated Date: Mon, 14 Sep 2026 04:05 AM (IST)
‘ਆਪ’ ਸਰਕਾਰ ’ਤੇ ਕਰੀਮਪੁਰੀ ਦਾ ਤਿੱਖਾ ਹਮਲਾ, ਗੌਤਮ ਨੇ 2027 ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਵੱਲੋਂ ‘ਪੰਜਾਬ ਸੰਭਾਲੋ ਮੁਹਿੰਮ’ ਤਹਿਤ ਜ਼ੀਰਾ ਵਿਖੇ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬਸਪਾ ਆਗੂਆਂ ਨੇ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ, ਸੰਘਰਸ਼ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਲਿਜਾਣ ਲਈ ਵਰਕਰਾਂ ਨੂੰ ਲਾਮਬੰਦ ਕੀਤਾ। ਸਮਾਗਮ ਦੀ ਪ੍ਰਧਾਨਗੀ ਬਸਪਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ, ਜਦਕਿ ਰਾਜ ਸਭਾ ਮੈਂਬਰ ਅਤੇ ਮੁੱਖ ਸੈਕਟਰ ਇੰਚਾਰਜ਼ ਰਾਮ ਜੀ ਗੌਤਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁਰੇਸ਼ ਰਾਵ ਐਡਵੋਕੇਟ ਮੁੱਖ ਸੈਕਟਰ ਇੰਚਾਰਜ ਅਤੇ ਰਣਧੀਰ ਸਿੰਘ ਬੈਨੀਵਾਲ ਕੇਂਦਰੀ ਇੰਚਾਰਜ, ਬਸਪਾ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਇਕੱਠ ਨੂੰ ਸੰਬੋਧਨ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸੂਬੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ਨੇ ਲੋਕਾਂ ਸਾਹਮਣੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਤਾਨਾਸ਼ਾਹੀ ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪਿੰਡ ਸ਼ੇਰੋਂ ਵਿੱਚ ਮੋਹਨਜੀਤ ਸਿੰਘ ਨਾਲ ਹੋਏ ਅੱਤਿਆਚਾਰ, ਪਿੰਡ ਵਣਜਾਰਾ ਦੇ ਕਿਰਤੀ ਗੁਲਜ਼ਾਰ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ’ਤੇ ਹੋਏ ਤਸ਼ੱਦਦ ਅਤੇ ਖਡੂਰ ਸਾਹਿਬ ਵਿੱਚ ਦਲਿਤ ਪਰਿਵਾਰਾਂ ਦੇ ਘਰ ਢਾਹੇ ਜਾਣ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪੰਜਾਬ ਵਿੱਚ ਤਬਦੀਲੀ ਦੀ ਲੋੜ ’ਤੇ ਜ਼ੋਰ ਦਿੱਤਾ। ਕਰੀਮਪੁਰੀ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਸਮੇਂ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਹੋਰ ਗੰਭੀਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਅਤੇ ਸਿਆਸਤ ਦੇ ਗੱਠਜੋੜ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਪ੍ਰਭਾਵਿਤ ਹੋ ਰਿਹਾ ਹੈ। ਰਾਜ ਸਭਾ ਮੈਂਬਰ ਰਾਮ ਜੀ ਗੌਤਮ ਨੇ ਕਿਹਾ ਕਿ ਬਸਪਾ ਵਰਕਰਾਂ ਨੇ ਪੰਜਾਬ ਵਿੱਚ ਬਦਲਾਅ ਲਈ ਕਮਰ ਕੱਸ ਲਈ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈਂਦਿਆਂ ‘ਬੇਗਮਪੁਰਾ’ ਦੇ ਸੰਕਲਪ ਨੂੰ ਸਾਕਾਰ ਕਰਨਾ ਪਾਰਟੀ ਦਾ ਮੁੱਖ ਟੀਚਾ ਹੈ। ਸਮਾਗਮ ਨੂੰ ਅਜੀਤ ਸਿੰਘ ਭੈਣੀ ਮੁੱਖ ਜ਼ੋਨ ਇੰਚਾਰਜ, ਕੁਲਦੀਪ ਸਿੰਘ ਸਰਦੂਲਗੜ੍ਹ ਮੁੱਖ ਚੋਣ ਕੋਆਰਡੀਨੇਟਰ, ਡਾ. ਨਛੱਤਰ ਪਾਲ ਵਿਧਾਇਕ, ਨਵਾਂਸ਼ਹਿਰ, ਚੌਧਰੀ ਗੁਰਨਾਮ ਸਿੰਘ ਜ਼ੋਨ ਇੰਚਾਰਜ, ਹੁਸ਼ਿਆਰਪੁਰ, ਦੌਲਤ ਰਾਮ ਜਨਰਲ ਸਕੱਤਰ ਪੰਜਾਬ, ਓਮ ਪ੍ਰਕਾਸ਼ ਸਰੋਏ ਜਨਰਲ ਸਕੱਤਰ ਬਸਪਾ ਪੰਜਾਬ, ਤਰਸੇਮ ਥਾਪਰ, ਦਰਸ਼ਨ ਸਿੰਘ ਨੰਡਿਆਲੀ ਅਤੇ ਰਾਮ ਸਰੂਪ ਨੇ ਵੀ ਸੰਬੋਧਨ ਕੀਤਾ। ਪੰਜਾਬ ਬਸਪਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸੀਰਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਮੌਕੇ ਮੁੱਖ ਮਹਿਮਾਨਾਂ ਨੂੰ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਪੰਜਾਬ, ਹਰਸੇਮ ਭੱਟੀ (ਜਨਰਲ ਸਕੱਤਰ), ਨਵਰਾਜ ਸਿੰਘ ਐਡਵੋਕੇਟ ਜ਼ੋਨ ਇੰਚਾਰਜ, ਨਿੱਕਾ ਸਿੰਘ ਬਠਿੰਡਾ, ਹਰਵਿੰਦਰ ਸਿੰਘ ਸੀਤਲ, ਜਗਤਾਰ ਸਿੰਘ ਚੜਿੱਕ, ਬਲਕਾਰ ਸਿੰਘ ਲੱਖੇਵਾਲੀ, ਅਸ਼ੋਕ ਕਪਤਾਨ, ਹਰਬੰਸ ਸਿੰਘ ਸਾਦਿਕ, ਨੱਥਾ ਸਿੰਘ ਅੰਮ੍ਰਿਤਸਰ, ਸਰਦੂਲ ਸਿੰਘ ਬਾਲਸੰਡਾ, ਸਤਿਗੁਰੂ ਸਿੰਘ ਸੰਗਰੂਰ, ਐਡਵੋਕੇਟ ਚਰਨਜੀਤ ਸਿੰਘ ਘਈ ਰੋਪੜ, ਰਸ਼ਪਾਲ ਸਿੰਘ ਗਾਲਿਬ, ਕੁਲਦੀਪ ਸਿੰਘ ਰੰਗਰੇਟਾ, ਮਲਕੀਤ ਸਿੰਘ ਖੋਖਰ ਫ਼ਿਰੋਜ਼ਪੁਰ, ਗੁਰਪ੍ਰੀਤ ਸਿੰਘ ਬੜੀ ਮੁਹਾਲੀ, ਲਾਲ ਸਿੰਘ ਸੁਲਹਾਣੀ, ਨੱਥਾ ਸਿੰਘ ਗਾਦੜੀਵਾਲਾ, ਰਛਪਾਲ ਸਿੰਘ ਤਲਵੰਡੀ ਸਾਬੋ, ਜੋਗਿੰਦਰ ਪਾਲ ਸਿੰਘ, ਪ੍ਰਵੀਨ ਬੰਗਾ, ਅਮਰਜੀਤ ਸਿੰਘ ਅਤੇ ਸਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਆਗੂ ਅਤੇ ਵਰਕਰ ਹਾਜ਼ਰ ਸਨ।